ਗਾਂਧੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਗਾਂਧੀਨਗਰ ਤੋਂ ‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ’ ਯੋਜਨਾ ਦੀ ਸ਼ੁਰੂਆਤ ਕੀਤੀ। ਅਸੰਗਠਿਤ ਖੇਤਰਾਂ ਦੇ ਕਰਮਚਾਰੀਆਂ ਤੇ ਮਜ਼ਦੂਰਾਂ ਲਈ ਰਾਸ਼ਟਰੀ ਪੈਨਸ਼ਨ ਯੋਜਨਾ ਦਾ ਐਲਾਨ ਇਸ ਸਾਲ ਫਰਵਰੀ ‘ਚ ਅੰਤ੍ਰਿਮ ਬਜਟ ‘ਚ ਕੀਤਾ ਗਿਆ ਸੀ। ਇਸ ਯੋਜਨਾ ਦੇ ਤਹਿਤ 60 ਸਾਲਾਂ ਦੀ ਉਮਰ ਤੋਂ ਬਾਅਦ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ 3000 ਰੁਪਏ ਦੀ ਮਹੀਨਾਵਾਰ ਪੈਨਸ਼ਨ ਦੇਣ ਦੀ ਵਿਵਸਥਾ ਹੈ। ਯੋਜਨਾ ‘ਚ ਅਸੰਗਠਿਤ ਖੇਤਰ ਦੇ 10 ਕਰੋੜ ਕਰਮਚਾਰੀਆਂ ਨੂੰ ਲਾਭ ਮਿਲਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਦੀ ਸ਼ੁਰੂਆਤ ਕਰ ਕੇ 11,51,000 ਲਾਭਪਾਤਰੀਆਂ ਤਕ 13,58,31,918 ਰੁਪਏ ਦੀ ਰਾਸ਼ੀ ਸਿੱਧੀ ਪੈਨਸ਼ਨ ਖਾਤਿਆਂ ‘ਚ ਟਰਾਂਸਫਰ ਕੀਤੀ । ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਸਾਰੇ ਇਕ ਇਤਿਹਾਸਕ ਮੌਕੇ ‘ਤੇ ਸਾਕਸ਼ੀ ਬਣ ਰਹੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦਾ ਹੋਸਟ ਗੁਜਰਾਤ ਹੈ ਪਰ ਇਸ ਪ੍ਰੋਗਰਾਮ ‘ਚ ਇਸ ਸਮੇਂ ਪੂਰੇ ਦੇਸ਼ ਤੋਂ ਕਰੀਬ ਦੋ ਕਰੋੜ ਲੋਕਾਂ ਤਕਨੀਕ ਦੇ ਜ਼ਰੀਏ ਸ਼ਾਮਲ ਹੋਏ ਹਨ। ਦੇਸ਼ ਦੇ ਲਗਪਗ 42 ਕਰੋੜ ਕਰਮਚਾਰੀਆਂ ਦੀ ਸੇਵਾ ‘ਚ ਸਮਰਪਿਤ ਹੈ।

ਵਿਰੋਧੀਆਂ ‘ਤੇ ਵਿਅੰਗ ਕਰਦਿਆਂ ਮੋਦੀ ਨੇ ਕਿਹਾ ਕਿ ਅੱਜ ਵਿਚੋਲਿਆਂ ਦੇ ਹਮਦਰਦ ਪਰੇਸ਼ਾਨ ਹਨ। ਇਸ ਲਈ ਇਹ ਮੋਦੀ ਹਟਾਓ-ਮੋਦੀ ਹਟਾਓ ਦਾ ਰੌਲਾ ਪਾ ਰਹੇ ਹਨ ਪਰ ਤੁਹਾਡੇ ਪਿਆਰ ਸਦਕਾ ਇਹ ਚੌਕੀਦਾਰ ਅੜਿਆ ਹੈ ਤੇ ਆਪਣੇ ਇਰਾਦਿਆਂ ‘ਤੇ ਖੜ੍ਹਾ ਹੈ। ਉਹ ਮੋਦੀ ‘ਤੇ ਸਟ੍ਰਾਈਕ ਕਰਨ ‘ਚ ਲੱਗੇ ਹਨ ਤੇ ਮੋਦੀ ਅੱਤਵਾਦ ‘ਤੇ ਸਟ੍ਰਾਈਕ ਕਰਨ ‘ਚ ਲੱਗਾ ਹੈ।

ਇਸ ਯੋਜਨਾ ਦੇ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ?

ਪੀਐੱਮ ਮੋਦੀ ਨੇ ਦੱਸਿਆ ਕਿ ਇਸ ਯੋਜਨਾ ਦਾ ਹਿੱਸਾ ਬਣਨ ਲਈ ਕਰਮਚਾਰੀ ਸਾਥੀਆਂ ਨੂੰ ਨਜ਼ਦੀਕੀ ਕਾਮਨ ਸੈਂਟਰ ‘ਚ ਜਾ ਕੇ ਫਾਰਮ ਭਰਨਾ ਪਵੇਗਾ। ਤੁਹਾਡਾ ਕੰਮ ਸਰਵਿਸ ਸੈਂਟਰਾਂ ‘ਤੇ ਕੁਝ ਮਿਨਟਾਂ ‘ਚ ਹੋ ਜਾਵੇਗਾ। ਇਹੀ ਤਾਂ ਡਿਜੀਟਲ ਇੰਡੀਆ ਦਾ ਕਮਾਲ ਹੈ। 2014 ਤੋਂ ਪਹਿਲਾਂ ਦੇਸ਼ ‘ਚ ਜਿਥੇ ਲਗਪਗ 80 ਹਜ਼ਾਰ ਕਾਮਨ ਸਰਵਿਸ ਸੈਂਟਰ ਸਨ। ਉਥੇ ਹੀ ਹੁਣ ਸਾਡੀ ਸਰਕਾਰ ‘ਚ ਇਸਦੀ ਗਿਣਤੀ ਵੱਧ ਕੇ 3,00,000 ਤੋਂ ਜ਼ਿਆਦਾ ਹੋ ਗਈ ਹੈ। ਹੁਣ ਇਹ ਸਰਵਿਸ ਸੈਂਟਰ ਪ੍ਰਧਾਨ ਮੰਤਰੀ ਮਾਨਧਨ ਯੋਜਨਾ ਨਾਲ ਜੁੜਨ ਨਾਲੇ ਕਾਮਦਾਰ ਸਾਥੀਆਂ ਦਾ ਸਹਾਇਤਾ ਕਰਨਗੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਲਈ ਗ਼ਰੀਬੀ ਸਿਰਫ ਫੋਟੋ ਖਿਚਵਾਉਣ ਦਾ ਖੇਡ ਹੁੰਦਾ ਹੈ, ਜਿਸ ਨੂੰ ਕਦੇ ਵੀ ਭੁੱਖੇ ਢਿੱਡ ਸੌਣ ਦਾਦਰਦ ਨਹੀਂ ਪਤਾ ਉਸ ਲਈ ਗ਼ਰੀਬੀ ਇਕ ਮਾਨਸਿਕ ਅਵਸਥਾ ਹੁੰਦੀ ਹੈ। ਸਾਡੇ ਲਈ ਤਾਂ ਗਰੀਬੀ ਇਕ ਬਹੁਤ ਵੱਡੀ ਚੁਣੌਤੀ ਹੈ। ਗਰੀਬੀ ਨਾਲ ਜੂਝਣ ਲਈ ਪੂਰਾ ਪਰਿਵਾਰ ਖੱਪ ਰਿਹਾ ਹੈ। ਕੋਈ ਵੀ ਗਰੀਬ, ਉਹ ਚਾਹੇ ਅਨਪੜ੍ਹ ਹੀ ਕਿਉਂ ਨਾ ਹੋਵੇ ਉਹ ਵੀ ਇਸ ਯੋਜਨਾ ਨਾਲ ਆਸਾਨੀ ਨਾਲ ਜੁੜ ਸਕਦਾ ਹੈ। ਅਜਿਹੇ ਕਰਮਚਾਰੀ ਜਿਨ੍ਹਾਂ ਦੀ ਉਮਰ 18-40 ਸਾਲ ਦੇ ਦਰਮਿਆਨ ਹੈ ਤੇ ਮਹੀਨੇ ਦੀ ਕਮਾਈ 15,000 ਤੋਂ ਘੱਟ ਹੈ ਉਹ ਸਾਰੇ ਇਸ ਯੋਜਨਾ ਨਾਲ ਜੁੜ ਸਕਦੇ ਹਨ।

ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ਭਰ ਦੇ ਸਾਰੇ ਕਰਮਚਾਰੀ ਸਾਥੀ ਜੋ ਘਰਾਂ ‘ਚ ਸੇਵਕਾਂ ਦੇ ਰੂਪ ‘ਚ ਕੰਮ ਕਰਦੇ ਹਨ, ਕਬਾੜ ਤੋਂ ਪੈਸੇ ਕਮਾਉਂਦੇ ਹਨ, ਖੇਤ ਮਜ਼ਦੂਰੀ ਕਰ ਰਹੇ ਹਨ, ਸੜਕਾਂ-ਘਰਾਂ ਦੇ ਨਿਰਮਾਣ ‘ਚ ਲੱਗੇ ਹਨ, ਰੇਹੜ-ਫੜ੍ਹੀ ਚਲਾਉਂਦੇ ਹਨ ਅਜਹੇ ਕੰਮਾਂ ਨਾਲ ਜੁੜੇ ਸਾਰੇ ਕਾਮਗਾਰ ਸਾਥੀਆਂ ਨੂੰ ਬਹੁਤ ਵਧਾਈ। ਮੈਨੂੰ ਇਹਸਾਸ ਹੈ ਕਿ ਦੇਸ਼ ਦੇ ਕਰੋੜਾਂ ਗਰੀਬਾਂ ਦੇ ਮਨ ‘ਚ ਇਹ ਸਵਾਲ ਰਹਿੰਦਾ ਹੈ ਕਿ ਜਦੋਂ ਤਕ ਹੱਥ-ਪੈਰ ਚੱਲਦੇ ਹਨ, ਉਦੋਂ ਤਕ ਕੰਮ ਵੀ ਮਿਲ ਪਾਏਗਾ, ਥੋੜਾ ਬਹੁਤ ਪੈਸਾ ਮਿਲੇਗਾ ਪਰ ਜਦੋਂ ਸਰੀਰ ਕਮਜ਼ੋਰ ਹੋ ਗਿਆ ਤਾਂ ਕੀ ਹੋਵੇਗਾ? ਉਮਰ ਦੇ ਉਸ ਪੜਾਅ ‘ਚ, ਜਦੋਂ ਆਮਦਨ ਦਾ ਕੋਈ ਸਾਧਨ ਨਹੀਂ ਹਵੇਗਾ ਤਾਂ ਉਸ ਸਮੇਂ ਬਹੁਤ ਪਰੇਸ਼ਾਨੀ ਹੋਵੇਗੀ। ਇਹੀ ਪਰੇਸ਼ਾਨੀ ਮੇਰੇ ਮਨ ‘ਚ ਸੀ। ਉਸ ਪਰੇਸ਼ਾਨੀ ‘ਚੋਂ ਇਸ ਯੋਜਨਾ ਨੇ ਜਨਮ ਲਿਆ ਹੈ। ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ। ਗਰੀਬਾਂ ਦੇ ਨਾਮ ‘ਤੇ ਵੋਟਾਂ ਇਕੱਠੀਆਂ ਕਰਨ ਵਾਲਿਆਂ ਨੇ 55 ਸਾਲ ਤਕ ਦੇਸ਼ ‘ਚ ਰਾਜ ਕੀਤਾ ਪਰ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਕੋਈ ਯੋਜਨਾ ਨਹੀਂ ਬਣਾਈ। ਇਸ ਦਾ ਕਾਰਨ ਹੈ ਨੀਅਤ ‘ਚ।

ਮੋਦੀ ਸਰਕਾਰ ਨੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਵੀ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਅੰਤ੍ਰਿਮ ਬਜਟ ‘ਚ ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਪੈਨਸ਼ਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਯੋਜਨਾ ਦੇ ਤਹਿਤ ਕਾਮਗਾਰਾਂ ਨੂੰ 60 ਸਾਲ ਦੀ ਉਮਰ ਤੋਂ ਹਰ ਮਹੀਨੇ 3000 ਰੁਪਏ ਦੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। ਇਸ ਯੋਜਨਾ ਸਬੰਧੀ ਅਧਿਸੂਚਨਾ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਦੇ ਚਲਦਿਆਂ ਸਰਕਾਰ ਨੇ ਪੈਨਸ਼ਨ ਦਾ ਲਾਭ ਉਠਾਉਣ ਵਾਲਿਆਂ ਵਈ ਕੁਝ ਸ਼ਰਤਾਂ ਰੱਖੀਆਂ ਹਨ। ਜੇਕਰ ਕੋਈ ਲਾਭਪਾਤਰੀ 18 ਸਾਲ ਦੀ ਉਮਰ ‘ਚ ਇਸ ਸਕੀਮ ‘ਚ ਹਿੱਸਾ ਲੈਂਦਾ ਹੈ ਤਾਂ ਉਸ ਨੂੰ 55 ਰੁਪਏ ਪ੍ਰੀਮਿਅਮ ਦੇ ਤੌਰ ‘ਤੇ ਦੇਣਾ ਪਵੇਗਾ। 29 ਸਾਲ ਦੀ ਉਮਰ ‘ਚ ਯੋਜਨਾ ਦਾ ਹਿੱਸਾ ਬਣਨ ‘ਤੇ 100 ਰੁਪਏ ਮਹੀਨਾ ਪ੍ਰੀਮਿਅਮ ਦੇਣਾ ਪਵੇਗਾ। 40 ਸਾਲ ਦੀ ਉਮਰ ‘ਚ ਜੁੜਨ ਵਾਲਿਆਂ ਨੂੰ 200 ਰੁਪਏ ਦਾ ਮਹੀਨਾ ਯੋਗਦਾਨ ਕਰਨਾ ਪਵੇਗਾ।