ਯੋਗੀ ਸਰਕਾਰ ਵੱਲੋਂ ਜੇਲ੍ਹ ਭੇਜੇ ਪਤਰਕਾਰ ਕਨੋਜੀਆ ਦੀ ਰਿਹਾਈ ਦੇ ਸੁਪਰੀਮ ਕੋਰਟ ਵਲੋਂ ਹੁਕਮ

ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਪੱਤਰਕਾਰ ਪ੍ਰਸ਼ਾਂਤ ਕਨੋਜੀਆ ਦੀ ਤੁਰੰਤ ਰਿਹਾਈ ਦੇ ਹੁਕਮ ਦਿੱਤੇ ਹਨ। ਜਸਟਿਸ ਅਜੇ ਰਸਤੋਗੀ ਅਤੇ ਇੰਦਰਾ ਬੈਨਰਜੀ ਦੀ ਬੈਂਚ ਨੇ ਕਿਹਾ ਕਿ ਪ੍ਰਸ਼ਾਂਤ ਦੇ ਟਵੀਟ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਪਰ ਇਸ ਲਈ ਉਸ ਨੂੰ ਜੇਲ੍ਹ ਵਿੱਚ ਨਹੀਂ ਪਾਇਆ ਜਾ ਸਕਦਾ। ਕੋਰਟ ਨੇ ਕਿਹਾ ਕਿ ਕਿਸੇ ਨਾਗਰਿਕ ਦੀ ਆਜ਼ਾਦੀ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਹ ਸੰਵਿਧਾਨ ਦੁਆਰਾ ਦਿੱਤੀ ਗਈ ਹੈ ਅਤੇ ਇਸ ਦੀ ਉਲੰਘਨਾਂ ਨਹੀਂ ਕੀਤੀ ਜਾ ਸਕਦੀ।

ਪ੍ਰਸ਼ਾਂਤ ਕਨੋਜੀਆ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਜੂਨ 8 ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਬਾਰੇ ਟਵਿੱਟਰ ਤੇ ਫੇਸਬੁੱਕ ਐਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਇੱਕ ਔਰਤ ਅਦਿੱਤਿਆਨਾਥ ਬਾਰੇ ਕੁਝ ਦਾਅਵੇ ਕਰ ਰਹੀ ਹੈ। ਐਡਿਟਰ ਗਿਲਡ ਨੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਇੱਕ ਪੱਤਰਕਾਰ ਪ੍ਰਸ਼ਾਂਤ ਕਨੋਜੀਆ ਅਤੇ ਇੱਕ ਨਿਊਜ਼ ਚੈੱਨਲ ਦੇ ਐਡਿਟਰ ਤੇ ਹੈੱਡ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ।

ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਂਤ ਕਨੋਜੀਆ ਦੀ ਪਤਨੀ ਜਗੀਸ਼ਾ ਅਰੋੜਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ। ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪੈਰਵੀ ਕਰ ਰਹੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਪ੍ਰਸ਼ਾਂਤ ਦਾ ਟਵੀਟ ਭੜਕਾਊ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਦੇ ਪਹਿਲੇ ਦੇ ਵੀ ਟਵੀਟ ਇਸੇ ਤਰ੍ਹਾਂ ਦੇ ਰਹੇ ਹਨ। ਐਡਿਟਰ ਗਿਲਡ ਨੇ ਇਸ ਗ੍ਰਿਫ਼ਤਾਰੀ ਬਾਰੇ ਕਿਹਾ, “ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਮਨਮਾਨੀ ਹੈ ਅਤੇ ਕਾਨੂੰਨ ਦੀ ਗਲਤ ਵਰਤੋਂ ਹੈ।” ਐਡਿਟਰ ਗਿਲਡ ਨੇ ਇਸ ਕਾਰਵਾਈ ਨੂੰ ਪ੍ਰੈੱਸ ਨੂੰ ਡਰਾਉਣ ਤੇ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।

ਪ੍ਰਸ਼ਾਂਤ ਕਨੌਜੀਆ ਖਿਲਾਫ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਆਈਟੀ ਐੱਕਟ ਦੀ ਧਾਰਾ 66 ਅਤੇ ਮਾਨਹਾਨੀ ਦੀ ਧਾਰਾ ਲਗਾਈ ਗਈ ਹੈ।

ਮੈਂ ਹੁਣ ਖ਼ੁਸ਼ ਹਾਂ

ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਿਗੀਸ਼ਾ ਅਰੋੜਾ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ। ਮੈਨੂੰ ਸੰਵਿਧਾਨ ਵਿੱਚ ਪੂਰਾ ਭਰੋਸਾ ਹੈ। ਮੇਰੇ ਪਤੀ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।” ਸੀਨੀਅਰ ਵਕੀਲ ਨਿਥਿਆ ਰਾਮਾਕ੍ਰਿਸ਼ਨੰਨ ਜੋ ਪ੍ਰਸ਼ਾਂਤ ਦੇ ਵਕੀਲ ਹਨ ਨੇ ਕਿਹਾ, “ਸੁਪਰੀਮ ਕੋਰਟ ਦਾ ਪ੍ਰਸ਼ਾਂਤ ਨੂੰ ਜੇਲ੍ਹ ਤੋਂ ਰਿਹਾ ਕਰਨ ਦਾ ਫੈਸਲਾ ਸਹੀ ਹੈ। ਮੈਂ ਉਸ ਦੇ ਲਈ ਬਹੁਤ ਖੁਸ਼ ਹਾਂ।”

Leave a Reply

Your email address will not be published. Required fields are marked *