ਦਿੱਲੀ ਦੀ ਜਾਲਮ ਪੁਲਿਸ-ਬੇਕਸੂਰ ਸਰਦਾਰ ਦੀ ਚਮੜੀ ਉਧੇੜ ਦਿੱਤੀ

ਦਿੱਲੀ ਦੇ ਮੁਖਰਜੀ ਨਗਰ ਇਲਾਕੇ ‘ਚ ਮਾਮੂਲੀ ਵਿਵਾਦ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਸਿੱਖ ਡਰਾਈਵਰ ਤੇ ਉਸ ਦੇ ਪੁੱਤਰ ਨਾਲ ਸੜਕ ‘ਤੇ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਮੁਖਰਜੀ ਨਗਰ ਇਲਾਕੇ ‘ਚ ਸਵਾਰੀਆਂ ਲੈ ਕੇ ਜਾਣ ਵਾਲੀ ‘ਗ੍ਰਾਮੀਣ ਸੇਵਾ’ ਦਾ ਵਾਹਨ ਚਲਾਉਣ ਵਾਲੇ ਦੋਵੇਂ ਗੁਰਸਿੱਖ ਪਿਓ-ਪੁੱਤਰਾਂ ਦੀ ਤਕਰੀਬਨ ਇਕ ਦਰਜਨ ਪੁਲਿਸ ਮੁਲਾਜ਼ਮਾਂ ਵਲੋਂ ਡੰਡਿਆਂ, ਲੱਤਾਂ ਤੇ ਮੁੱਕਿਆਂ ਨਾਲ ਕੁੱਟਮਾਰ ਅਤੇ ਬੇਰਹਿਮੀ ਨਾਲ ਸੜਕਾਂ ‘ਤੇ ਘੜੀਸਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵੱਡੀ ਗਿਣਤੀ ‘ਚ ਸਿੱਖ ਭਾਈਚਾਰੇ ਦੇ ਲੋਕ ਤੇ ਆਗੂ ਮੁਖਰਜੀ ਨਗਰ ਪੁਲਿਸ ਥਾਣੇ ਦੇ ਬਾਹਰ ਪੁੱਜਣੇ ਸ਼ੁਰੂ ਹੋ ਗਏ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਦੇਰ ਰਾਤ ਤੱਕ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਗਿਆ। ਹਾਲਾਂਕਿ ਸਿੱਖਾਂ ਦੇ ਰੋਹ ਨੂੰ ਵੇਖਦੇ ਹੋਏ ਤਿੰਨ ਪੁਲਿਸ ਕਰਮਚਾਰੀਆਂ ਏ.ਐਸ.ਆਈ. ਸੰਜੇ ਮਲਿਕ, ਏ.ਐਸ.ਆਈ. ਦਵਿੰਦਰ ਤੇ ਕਾਂਸਟੇਬਲ ਪੁਸ਼ਪਿੰਦਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਹਨ ਪਰ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਸਰਬਜੀਤ ਸਿੰਘ ਵਲੋਂ ਪਹਿਲਾਂ ਪੁਲਿਸ ਮੁਲਾਜ਼ਮਾਂ ‘ਤੇ ਤਲਵਾਰ ਨਾਲ ਹਮਲਾ ਕੀਤਾ ਗਿਆ, ਜਿਸ ‘ਚ 2 ਪੁਲਿਸ ਕਰਮੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਵਿਵਾਦ ਦੀ ਸ਼ੁਰੂਆਤ ਬਾਰੇ ਪੁਲਿਸ ਤੇ ਪੀੜਤ ਦੇ ਦਾਅਵੇ ਵੱਖੋ-ਵੱਖਰੇ
ਪੁਲਿਸ ਦਾ ਦਾਅਵਾ ਹੈ ਕਿ ਬੀਤੀ ਸ਼ਾਮ ਨੂੰ ਮੁਖਰਜੀ ਨਗਰ ਵਿਖੇ ‘ਗ੍ਰਾਮੀਣ ਸੇਵਾ’ ਤਹਿਤ ਵਾਹਨ ਚਲਾਉਣ ਵਾਲੇ ਸਰਬਜੀਤ ਸਿੰਘ ਨਾਂਅ ਦੇ ਡਰਾਈਵਰ ਨੇ ਪੁਲਿਸ ਦੀ ਜਿਪਸੀ ਨੂੰ ਟੱਕਰ ਮਾਰੀ। ਪੁਲਿਸ ਮੁਤਾਬਿਕ ਇਸ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਡਰਾਈਵਰ ਨੇ ਪੁਲਿਸ ਮੁਲਾਜ਼ਮਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਡਰਾਈਵਰ ਦੇ ਨਾਬਾਲਗ ਪੁੱਤਰ ਬਲਵੰਤ ਸਿੰਘ ਨੇ ਇਕ ਪੁਲਿਸ ਮੁਲਾਜ਼ਮ ਦੇ ਪੈਰ ‘ਤੇ ਗੱਡੀ ਵੀ ਚੜ੍ਹਾ ਦਿੱਤੀ। ਦੂਜੇ ਪਾਸੇ ਘਟਨਾ ਸਮੇਂ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਕਿ ਇਹ ਮਾਮਲਾ ‘ਗ੍ਰਾਮੀਣ ਸੇਵਾ’ ਚਲਾਉਣ ਵਾਲਿਆਂ ਪਾਸੋਂ ਪੁਲਿਸ ਵਲੋਂ ਲਏ ਜਾਣ ਵਾਲੇ ‘ਮਹੀਨਾ’ ਭਾਵ ਰਿਸ਼ਵਤ ਨਾਲ ਸਬੰਧਿਤ ਹੈ। ਹਾਲਾਂਕਿ ਦੇਰ ਰਾਤ ਪੁਲਿਸ ਥਾਣੇ ‘ਚ ਸਿੱਖਾਂ ਦੀ ਮੌਜੂਦਗੀ ਦੌਰਾਨ ਗੱਲਬਾਤ ਕਰਦੇ ਹੋਏ ਦੋਵੇਂ ਪਿਓ-ਪੁੱਤਰਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਨ੍ਹਾਂ ਨੇ ਪੁਲਿਸ ਦੀ ਜਿਪਸੀ ਨੂੰ ਟੱਕਰ ਮਾਰੀ ਸੀ। ਸਰਬਜੀਤ ਨੇ ਦੱਸਿਆ ਕਿ ਝਗੜੇ ਦੀ ਸ਼ੁਰੂਆਤ ਪੁਲਿਸ ਵਲੋਂ ਹੀ ਕੀਤੀ ਗਈ ਸੀ। ਦੋਵਾਂ ਨੇ ਪੁਲਿਸ ਦੁਆਰਾ ਕਥਿਤ ਰਿਸ਼ਵਤ ਮੰਗੇ ਜਾਣ ਦੀਆਂ ਖ਼ਬਰਾਂ ਨੂੰ ਵੀ ਗਲਤ ਦੱਸਿਆ। ਬਲਵੰਤ ਸਿੰਘ ਨੇ ਦੱਸਿਆ ਕਿ ਵਿਵਾਦ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਪੁਲਿਸ ਨੇ ਉਨ੍ਹਾਂ ਦੀ ‘ਗ੍ਰਾਮੀਣ ਸੇਵਾ’ ਨੂੰ ਬਿਨਾਂ ਕਿਸੇ ਕਾਰਨ ਰੋਕ ਕੇ ਬੇਹੱਦ ਅਸੱਭਿਅਕ ਸ਼ਬਦਾਂ ਦੀ ਵਰਤੋਂ ਕੀਤੀ ਪਰ ਅਸੀਂ ਮਾਮਲੇ ਨੂੰ ਤੂਲ ਨਾ ਦਿੰਦੇ ਹੋਏ ਹੱਥ ਜੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਥੋੜ੍ਹੀ ਦੂਰ ਅੱਗੇ ਜਾ ਕੇ ਆਪਣੀ ਜਿਪਸੀ ਨੂੰ ਸਾਡੀ ‘ਗ੍ਰਾਮੀਣ ਸੇਵਾ’ ਦੇ ਵਾਹਨ ਮੂਹਰੇ ਖੜ੍ਹਾ ਕਰਕੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ।
ਬੇਰਹਿਮ ਰਵੱਈਏ ਨੇ ਦਿੱਲੀ ਪੁਲਿਸ ਤੇ ਲਾਇਆ ਸਵਾਲੀਆ ਨਿਸ਼ਾਨ
ਘਟਨਾ ਨਾਲ ਪੁਲਿਸ ਦੇ ਰਵੱਈਏ ‘ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜਾਣਕਾਰੀ ਮੁਤਾਬਿਕ ਜਿਸ ਮਾਮੂਲੀ ਵਿਵਾਦ ਨੂੰ ਪੇਸ਼ੇਵਰ ਤਰੀਕੇ ਹੀ ਸੌਖੇ ਤੇ ਸ਼ਾਂਤੀਪੂਰਨ ਢੰਗ ਨਾਲ ਕੁਝ ਸਮੇਂ ‘ਚ ਹੀ ਨਿਪਟਾਇਆ ਜਾ ਸਕਦਾ ਸੀ, ਉਸ ਦੇ ਲਈ ਪੁਲਿਸ ਕਰਮੀਆਂ ਨੇ ਬੇਹੱਦ ਗ਼ੈਰ ਪੇਸ਼ੇਵਰ ਤਰੀਕਾ ਅਪਨਾਉਂਦੇ ਹੋਏ ਸਿੱਖ ਪਿਓ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਨਾਲ ਹੀ ਸਿੱਖਾਂ ਪ੍ਰਤੀ ਨਫ਼ਰਤ ਭਰੇ ਹੋਣ ਦਾ ਅਹਿਸਾਸ ਵੀ ਕਰਵਾਇਆ। ਵਾਇਰਲ ਵੀਡੀਓ ‘ਚ ਪੁਲਿਸ ਮੁਲਾਜ਼ਮ ਤੇ ਸਰਬਜੀਤ ਸਿੰਘ ਦੀ ਬਹਿਸਬਾਜ਼ੀ ਹੁੰਦੀ ਨਜ਼ਰ ਆ ਰਹੀ ਹੈ ਅਤੇ ਉਸ ਤੋਂ ਬਾਅਦ ਜਦ ਸਰਬਜੀਤ ਨੂੰ ਉਸ ਦਾ ਪੁੱਤਰ ਉਥੋਂ ਹਟਾ ਕੇ ਇਕ ਪਾਸੇ ਲੈ ਜਾਂਦਾ ਹੈ ਤਾਂ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਪਿਸਟਲ ਤੇ ਡੰਡਿਆਂ ਸਮੇਤ ਉਨ੍ਹਾਂ ਨੂੰ ਇਸ ਤਰ੍ਹਾਂ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਪਿਓ-ਪੁੱਤ ਕੋਲ ਬਹੁਤ ਵੱਡੇ ਹਥਿਆਰ ਹੋਣ। ਇਕ ਹੋਰ ਵੱਡਾ ਸਵਾਲ ਇਹ ਹੈ ਕਿ ਜਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਹੀ ਲਿਆ ਸੀ ਤਾਂ ਉਸ ਦੇ ਬਾਅਦ ਵੀ ਸੜਕਾਂ ‘ਤੇ ਬੁਰੀ ਤਰ੍ਹਾਂ ਘੜੀਸਿਆ ਤੇ ਕੁੱਟਮਾਰ ਕਿਉਂ ਕੀਤੀ ਗਈ?
ਪੁਲਿਸ ਵਲੋਂ ਜਾਂਚ ਦੇ ਆਦੇਸ਼
ਉਕਤ ਮਾਮਲੇ ‘ਚ ਪੁਲਿਸ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ ‘ਚ ਗ਼ੈਰ ਪੇਸ਼ੇਵਰ ਰਵੱਈਆ ਅਪਨਾਉਣ ਦੇ ਚਲਦਿਆਂ ਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡਿਪਟੀ ਪੁਲਿਸ ਕਮਿਸ਼ਨਰ (ਉੱਤਰ-ਪੱਛਮੀ) ਅਤੇ ਮੁਖਰਜੀ ਨਗਰ ਦੇ ਵਧੀਕ ਡਿਪਟੀ ਪੁਲਿਸ ਕਮਿਸ਼ਨਰ ਤੇ ਸਹਾਇਕ ਡਿਪਟੀ ਪੁਲਿਸ ਕਮਿਸ਼ਨਰ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਸਿੱਖ ਆਗੂਆਂ ਵਲੋਂ ਭਾਰੀ ਵਿਰੋਧ
ਘਟਨਾ ਦੇ ਵਿਰੋਧ ‘ਚ ਮੁਖਰਜੀ ਨਗਰ ਥਾਣੇ ਦੇ ਬਾਹਰ ਧਰਨੇ ‘ਚ ਆਮ ਸਿੱਖਾਂ ਤੋਂ ਇਲਾਵਾ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਤੇ ਨੁਮਾਇੰਦਿਆਂ ਨੇ ਵੀ ਪੁੱਜ ਕੇ ਪੁਲਿਸ ਖ਼ਿਲਾਫ਼ ਰੋਸ ਜਤਾਇਆ। ਇੱਥੇ ਪੁੱਜਣ ਵਾਲਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼, ਸ਼੍ਰੋਮਣੀ ਅਕਾਲੀ ਦਲ ਦਿੱਲੀ, ਦਿੱਲੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਅਹੁਦੇਦਾਰ , ਕਮੇਟੀ ਮੈਂਬਰ, ਆਮ ਆਦਮੀ ਪਾਰਟੀ, ਦਿੱਲੀ ਭਾਜਪਾ ਸਮੇਤ ਵੱਡੀ ਗਿਣਤੀ ‘ਚ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਸਨ।
ਟ੍ਰਾਂਸਪੋਰਟਰ ਸੰਗਠਨ ਵਲੋਂ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ
ਦਿੱਲੀ ਦੇ ਮੁਖਰਜੀ ਨਗਰ ਇਲਾਕੇ ‘ਚ ਸਿੱਖ ਡਰਾਈਵਰ ਤੇ ਉਸ ਦੇ ਪੁੱਤਰ ਨਾਲ ਪੁਲਿਸ ਵਲੋਂ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ ‘ਚ ਨਿੱਜੀ ਟ੍ਰਾਂਸਪੋਰਟਰਾਂ ਦੇ ਇਕ ਸੰਗਠਨ ਨੇ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ। ਭਾਰਤੀ ਮਜ਼ਦੂਰ ਸੰਘ ਦੀ ਇਕ ਇਕਾਈ ਭਾਰਤੀ ਪ੍ਰਾਈਵੇਟ ਟ੍ਰਾਂਸਪੋਰਟ ਮਜ਼ਦੂਰ ਮਹਾਸੰਘ ਨੇ ਦੋਸ਼ ਲਗਾਇਆ ਕਿ ਭ੍ਰਿਸ਼ਟਾਚਾਰੀ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਆਟੋ ਡਰਾਈਵਰਾਂ ਤੋਂ ਪੈਸਿਆਂ ਦੀ ਮੰਗ ਕਰਦੇ ਹਨ ਅਤੇ ਜੇ ਉਹ ਪੈਸੇ ਨਹੀਂ ਦਿੰਦੇ ਤਾਂ ਉਨ੍ਹਾਂ ਦਾ ਚਲਾਨ ਕੀਤਾ ਜਾਂਦਾ ਹੈ। ਉਨ੍ਹਾਂ ਭ੍ਰਿਸ਼ਟਾਚਾਰੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਗ੍ਰਹਿ ਮੰਤਰਾਲੇ ਨੇ ਰਿਪੋਰਟ ਮੰਗੀ
ਗ੍ਰਹਿ ਮੰਤਰਾਲੇ ਨੇ ਇਸ ਘਟਨਾ ਸਬੰਧੀ ਦਿੱਲੀ ਪੁਲਿਸ ਤੋਂ ਇਕ ਰਿਪੋਰਟ ਮੰਗੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਕਮਿਸ਼ਨਰ ਅਮੁੱਲਿਆ ਪਟਨਾਇਕ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਹੈ। ਰੈਡੀ ਨੇ ਟਵੀਟ ਕਰਦਿਆਂ ਦੱਸਿਆ ਕਿ ਦਿੱਲੀ ਦੇ ਮੁਖਰਜੀ ਨਗਰ ਇਲਾਕੇ ‘ਚ ਵਾਪਰੀ ਘਟਨਾ ਸਬੰਧੀ ਆਰ.ਪੀ. ਸਿੰਘ ਖ਼ਾਲਸਾ ਦੀ ਅਗਵਾਈ ‘ਚ ਭਾਜਪਾ ਦਾ ਇਕ ਵਫ਼ਦ ਮੈਨੂੰ ਮਿਲਿਆ ਅਤੇ ਮੈਂ ਦਿੱਲੀ ਦੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਇਕ ਵਿਸਥਾਰਤ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ।
ਕੇਜਰੀਵਾਲ ਵਲੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਤੋਂ ਮੰਗ ਕੀਤੀ ਹੈ ਕਿ ਸਿੱਖ ਪਿਓ-ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੇਜਰੀਵਾਲ ਨੇ ਪੀੜਤ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਮੁਖਰਜੀ ਨਗਰ ‘ਚ ਦਿੱਲੀ ਪੁਲਿਸ ਦਾ ਨਿਰਦਈਪੁਣਾ ਰਵੱਈਆ ਬਹੁਤ ਹੀ ਨਿੰਦਣਯੋਗ ਅਤੇ ਅਨਿਆਂਪੂਰਨ ਹੈ। ਉਨ੍ਹਾਂ ਪੂਰੀ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਸੁਖਬੀਰ ਵਲੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੀ ਮੰਗ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਦਿੱਲੀ ‘ਚ ਨਿਰਦੋਸ਼ ਸਿੱਖਾਂ ‘ਤੇ ਹਮਲੇ ਲਈ ਜ਼ਿੰਮੇਵਾਰ ਪੁੁਲਿਸ ਮੁਲਾਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਜਾਵੇ।
ਸਿਰਸਾ ਦੀ ਅਗਵਾਈ ਚ ਵਫ਼ਦ ਵਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ
ਸਾਰੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਕੀਤੀ ਮੰਗ
 ਸਿੱਖ ਡਰਾਈਵਰ ਤੇ ਉਸ ਦੇ ਨਾਬਾਲਗ ਪੁੱਤਰ ਨਾਲ ਕੀਤੀ ਕੁੱਟਮਾਰ ਦੇ ਮਾਮਲੇ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ‘ਚ ਵਫ਼ਦ ਨੇ ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਵਿਖੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸਿਰਸਾ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਨੇ ਭਰੋਸਾ ਦਿਵਾਇਆ ਹੈ ਕਿ ਡਰਾਈਵਰ ਸਰਬਜੀਤ ਸਿੰਘ ਤੇ ਉਸ ਦੇ ਲੜਕੇ ਦੀ ਕੁੱਟਮਾਰ ‘ਚ ਸ਼ਾਮਿਲ ਸਾਰੇ ਪੁਲਿਸ ਕਰਮਚਾਰੀਆਂ ਦੇ ਖ਼ਿਲਾਫ਼ ਅੱਜ ਹੀ ਕੇਸ ਦਰਜ ਕੀਤਾ ਜਾਵੇਗਾ। ਸਿਰਸਾ ਨੇ ਦੱਸਿਆ ਕਿ ਕਮਿਸ਼ਨਰ ਨੇ ਭਰੋਸਾ ਦਵਾਇਆ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੀ ਘਟਨਾ ਦੀ ਜਾਂਚ ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਵਲੋਂ ਕੀਤੀ ਜਾਵੇਗੀ ਤੇ ਇਹ ਜ਼ਿਲ੍ਹੇ ਤੋਂ ਬਾਹਰ ਸਪੁਰਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਖ਼ਿਲਾਫ਼ ਧਾਰਾ 307 ਤਹਿਤ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ। ਸਿਰਸਾ ਦੀ ਅਗਵਾਈ ‘ਚ ਗਏ ਵਫ਼ਦ ‘ਚ ਹਰਮੀਤ ਸਿੰਘ ਕਾਲਕਾ, ਬੀਬੀ ਰਣਜੀਤ ਕੌਰ, ਕੁਲਵੰਤ ਸਿੰਘ ਬਾਠ ਤੋਂ ਇਲਾਵਾ ਪੀੜਤ ਸਿੱਖ ਡਰਾਈਵਰ ਸਰਬਜੀਤ ਸਿੰਘ ਵੀ ਸ਼ਾਮਿਲ ਸੀ।

Leave a Reply

Your email address will not be published. Required fields are marked *