ਦਿੱਲੀ ਪੁਲਿਸ ਨੇ ਆਟੋ ਡਰਾਈਵਰ ਅਤੇ ਪੁਲਿਸ ਮੁਲਾਜ਼ਮਾਂ ਤੇ ਕੀਤਾ ਪਰਚਾ

ਮੁਖਰਜੀ ਨਗਰ ਵਿੱਚ ਗ੍ਰਾਮੀਣ ਆਟੋ ਚਾਲਕ ਸਰਬਜੀਤ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਦਿੱਲੀ ਪੁਲੀਸ ਨੇ ਆਟੋ ਚਾਲਕ ਤੇ ਦਿੱਲੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਮਾਨਾਂਤਰ ਮਾਮਲੇ ਦਰਜ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ। ਇਸੇ ਦੌਰਾਨ ਦੇਰ ਰਾਤ ਦਿੱਲੀ ਦੇ ਸੈਂਕੜੇ ਸਿੱਖਾਂ ਨੇ ਮੁਖਰਜੀ ਨਗਰ ਥਾਣੇ ਦਾ ਘਿਰਾਓ ਕਰ ਦਿੱਤਾ। ਬਲਜੀਤ ਸਿੰਘ ਦਾਦੂਵਾਲ ਸਮੇਤ ਹੋਰ ਸ਼ਖਸੀਅਤਾਂ ਵੀ ਮੌਕੇ ’ਤੇ ਪੁੱਜ ਗਈਆਂ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਿਨ ਵੇਲੇ ਹੀ ਇਲਾਕੇ ਵਿੱਚ ਨੀਮ ਫੌਜੀ ਬਲ ਤਾਇਨਾਤ ਕਰ ਦਿੱਤੇ ਗਏ ਸਨ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਮੁਖਰਜੀ ਨਗਰ ਥਾਣੇ ਨੇੜੇ ਸਰਬਜੀਤ ਸਿੰਘ ਤੇ ਕਰੀਬ ਦਰਜਨ ਪੁਲੀਸ ਮੁਲਾਜ਼ਮਾਂ ਵਿਚਾਲੇ ਖ਼ੂਨੀ ਝੜਪ ਹੋਈ ਸੀ। ਦਿੱਲੀ ਪੁਲੀਸ ਦੇ ਡੀਸੀਪੀ ਮਧੁਰ ਵਰਮਾ ਨੇ ਦੱਸਿਆ ਕਿ ਪਹਿਲੀ ਐਫਆਈਆਰ ਆਟੋ ਚਾਲਕ ਸਰਬਜੀਤ ਸਿੰਘ ਖ਼ਿਲਾਫ਼ ਦਰਜ ਕੀਤੀ ਗਈ ਹੈ। ਸ੍ਰੀ ਵਰਮਾ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਟੋ ਚਾਲਕ ਤੇ ਜ਼ਖ਼ਮੀ ਪੁਲੀਸ ਵਾਲਿਆਂ ਦੀਆਂ ਡਾਕਟਰੀ ਰਿਪਰੋਟਾਂ ਆਉਣ ’ਤੇ ਕੇਸਾਂ ਵਿੱਚ ਹੋਰ ਧਾਰਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਸੂਤਰਾਂ ਮੁਤਾਬਕ ਆਟੋ ਚਾਲਕ ਦੇ ਨਾਬਾਲਗ ਪੁੱਤਰ ਖ਼ਿਲਾਫ਼ ਵੀ ਕੇਸ ਦਰਜ ਹੋ ਸਕਦਾ ਹੈ। ਸਰਬਜੀਤ ਸਿੰਘ ਨੇ ਜਾਨੋਂ ਮਾਰਨ ਦੀ ਧਮਕੀ, ਸੱਟਾਂ ਮਾਰਨ ਤੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਕੀਤੀ ਹੈ। ਆਟੋ ਚਾਲਕ ਦੇ ਨਾਬਾਲਗ ਪੁੱਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਪੁਲੀਸ ਦਾ ਘੇਰਾ ਤੋੜਨ ਲਈ ਆਟੋ ਪੁਲੀਸ ਵਾਲਿਆਂ ਵਿੱਚ ਮਾਰਿਆ, ਜਿਸ ਤੋਂ ਘੇਰਾ ਟੁੱਟਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵਾਲੇ ਨੇ ਪਹਿਲਾਂ ਉਸ ਨੂੰ ਅਸ਼ਬਦ ਬੋਲੇ, ਜਿਸ ਤੋਂ ਬਾਅਦ ਉਸ ਨੇ ਆਪਣੇ ਬਚਾਓ ਦੀ ਕੋਸ਼ਿਸ਼ ਕੀਤੀ।

ਡੀਸੀਪੀ ਨੇ ਦੱਸਿਆ ਕਿ ਗ੍ਰਾਮੀਣ ਆਟੋ ਚਾਲਕ ਦਾ ਟੈਂਪੂ ਪੁਲੀਸ ਦੀ ਗੱਡੀ ਨਾਲ ਟਕਰਾ ਗਿਆ ਸੀ। ਇਸ ਪਿੱਛੋਂ ਤਕਰਾਰ ਵਧੀ ਤੇ ਇਸੇ ਦੌਰਾਨ ਚਾਲਕ ਨੇ ਤਲਵਾਰ ਕੱਢ ਲਈ, ਜਿਸ ਪਿੱਛੋਂ ਘਟਨਾ ਨੇ ਖੂਨੀ ਝੜਪ ਦਾ ਰੂਪ ਲੈ ਲਿਆ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਮਗਰੋਂ ਮੁਖਰਜੀ ਨਗਰ ਥਾਣੇ ‘ਚ ਤਾਇਨਾਤ ਏਐਸਆਈ ਸੰਜੇ ਮਲਿਕ, ਏਐਸਆਈ ਦਵਿੰਦਰ ਤੇ ਸਿਪਾਹੀ ਪੁਸ਼ਪਿੰਦਰ ਨੂੰ ਮਾੜੇ ਵਰਤਾਓ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਡੀਸੀਪੀ ਉੱਤਰੀ-ਪੱਛਮੀ ਜ਼ਿਲ੍ਹਾ ਵਿਜੇਤਾ ਸਿੰਘ ਨੇ ਵੱਖਰੀ ਜਾਂਚ ਸ਼ੁਰੂ ਕਰਵਾਈ ਹੈ ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ ਤੇ ਸਹਾਇਕ ਪੁਲੀਸ ਕਮਿਸ਼ਨਰ ਦੇਖਣਗੇ।

ਕੈਪਟਨ ਨੇ ਸ਼ਾਹ ਦਾ ਦਖ਼ਲ ਮੰਗਿਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਟੋ ਚਾਲਕ ਪਿਤਾ ਅਤੇ ਪੁੱਤਰ ਦੀ ਦਿੱਲੀ ਪੁਲੀਸ ਵੱਲੋਂ ਕੀਤੀ ਕੁੱਟਮਾਰ ਦੀ ਸਖਤ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਵਿਚ ਦਖਲ ਦੇਣ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।

ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਟੋ ਚਾਲਕ ਸਰਬਜੀਤ ਸਿੰਘ ਨਾਲ ਉਸ ਦੇ ਘਰ ਗਾਂਧੀ ਨਗਰ ਵਿੱਚ ਮੁਲਾਕਾਤ ਕੀਤੀ ਤੇ ਕਥਿਤ ਦੋਸ਼ੀ ਪੁਲੀਸ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਸਰਬਜੀਤ ਨੂੰ ਕੁੱਟਿਆ ਗਿਆ ਇਹ ਜ਼ਾਲਮਾਨਾ ਤੇ ਵਹਿਸ਼ੀਆਨਾ ਸੀ। ਉਨ੍ਹਾਂ ਉਪਰਾਜਪਾਲ, ਡੀਸੀਪੀ ਤੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੀ ਅਪੀਲ ਕੀਤੀ। ਉਧਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਪੁਲੀਸ ਕਮਿਸ਼ਨਰ ਅਮੁੱਲਿਆ ਪਾਟਨਾਇਕ ਨੂੰ ਮਿਲਿਆ। ਦਿੱਲੀ ਗੁਡਸ ਟਰਾਂਸਪੋਰਟ ਐਸੋਸੀਏਸ਼ਨ ਦੇ ਪਰਮੀਤ ਸਿੰਘ ਗੋਲਡੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੁਲੀਸ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਘਟਨਾ ਨੂੰ ਪੁਲੀਸ ਦੀ ਗ਼ੈਰ-ਪੇਸ਼ੇਵਾਰਾਨਾ ਕਾਰਵਾਈ ਦੱਸਿਆ।

Leave a Reply

Your email address will not be published. Required fields are marked *