ਸੱਚਾ ਸੌਦਾ ਸਿਰਸਾ ਦਾ ਲੀਡਰ ਜੇਲ੍ਹ ਵਿਚ ਕਤਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਨਾਭਾ ਜੇਲ ਵਿੱਚ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ‘ਤੇ ਹੋਏ ਘਾਤਕ ਹਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਅਤੇ ਉਹਨਾਂ ਨੇ ਹਮਲਾਵਰਾਂ ਲਈ ਸਖ਼ਤ ਸਜ਼ਾ ਦੀ ਚਿਤਾਵਨੀ ਦਿੱਤੀ ਹੈ।

ਇਕ ਸਰਕਾਰੀ ਬੁਲਾਰੇ ਅਨੁਸਾਰ ਏ.ਡੀ.ਜੀ.ਪੀ. ਜੇਲ ਰੋਹਿਤ ਚੌਧਰੀ ਤੱਥਾਂ ਦੀ ਪੜਤਾਲ ਕਰਨ ਵਾਲੀ ਕਮੇਟੀ ਦੇ ਮੁਖੀ ਹੋਣਗੇ ਅਤੇ ਕਮੇਟੀ ਨੂੰ ਤਿੰਨ ਦਿਨਾਂ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਦੋਸ਼ੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਵਿੱਚ ਲਾਜ਼ਮੀ ਜੂਡੀਸ਼ੀਅਲ ਪੜਤਾਲ ਤੋਂ ਇਲਾਵਾ ਇਹ ਜਾਂਚ ਹੋਵੇਗੀ। ਬਿੱਟੂ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਹਮਲੇ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨੇ ਸਾਰੇ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ•ਾਂ ਜ਼ੋਰ ਦੇ ਕੇ ਕਿਹਾ ਕਿ ਹਮਲਾਵਰਾਂ ਨੂੰ ਇਸ ਜ਼ੁਰਮ ਵਾਸਤੇ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ਬੁਲਾਰੇ ਅਨੁਸਾਰ ਇਹ ਘਟਨਾ ਸ਼ਾਮ 5:15 ਵਜੇ ਉਸੇ ਵੇਲੇ ਵਾਪਰੀ ਜਦੋਂ ਬਿੱਟੂ ‘ਤੇ ਹੋਰਨਾਂ ਕੈਦੀਆਂ ਨੇ ਹਮਲਾ ਕਰ ਦਿੱਤਾ। ਉਸ ਨੂੰ ਨਾਭਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਬੁਲਾਰੇ ਅਨੁਸਾਰ ਮੁਢਲੀ ਜਾਂਚ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫ਼ਰੀਦਕੋਟ ਦੇ ਬਿੱਟੂ (49) ‘ਤੇ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਵੱਲੋਂ ਹਮਲਾ ਕੀਤਾ ਗਿਆ ਹੈ ਜੋ ਇਕ ਕਤਲ ਕੇਸ ਵਿੱਚ ਜੇਲ• ‘ਚ ਸਨ।

Leave a Reply

Your email address will not be published. Required fields are marked *