ਗਰਭਵਤੀ ਪਤਨੀ ਨੂੰ ਲੈਣ ਗਏ ਦਲਿਤ ਨੌਜਵਾਨ ਦਾ ਪੁਲਿਸ ਸਾਹਮਣੇ ਕਤਲ

ਅਹਿਮਦਾਬਾਦ ਦੇ ਮਾਂਡਲ ਤਹਿਸੀਲ ਦੇ ਵਰਮੋਰ ਪਿੰਡ ਵਿੱਚ ਗਰਾਸੀਆ (ਰਾਜਪੂਤ) ਕੁੜੀ ਦੇ ਨਾਲ ਵਿਆਹ ਕਰਨ ਵਾਲੇ ਦਲਿਤ ਨੌਜਵਾਨ ਨੂੰ ਪੁਲਿਸ ਦੇ ਸਾਹਮਣੇ ਹੀ ਮਾਰ ਦਿੱਤਾ ਗਿਆ।

ਮਾਮਲੇ ਵਿੱਚ ਕੁੜੀ ਦੇ ਪਿਤਾ ਸਮੇਤ ਅੱਠ ਲੋਕਾਂ ਨੂੰ ਮੁਲਜ਼ਮ ਕਰਾਰ ਦਿੱਤਾ ਗਿਆ ਹੈ। ਘਟਨਾ ਸੋਮਵਾਰ ਸ਼ਾਮ ਦੀ ਹੈ।

ਹਰੇਸ਼ ਸੋਲੰਕੀ ਆਪਣੀ ਦੋ ਮਹੀਨੇ ਤੋਂ ਗਰਭਵਤੀ ਪਤਨੀ ਉਰਮਿਲਾ ਝਾਲਾ ਨੂੰ ਲੈਣ ਆਪਣੇ ਸੁਹਰੇ ਗਏ ਸਨ। ਉਨ੍ਹਾਂ ਦੇ ਨਾਲ 181 ਪੁਲਿਸ ਵਾਹਨ ਅਤੇ ਹੈਲਪਲਾਈਨ ਅਧਿਕਾਰੀ ਵੀ ਸਨ।

ਦਾਅਵਾ ਹੈ ਕਿ ਉਸੇ ਸਮੇਂ ਅੱਠ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਰੇਸ਼ ਸੋਲੰਕੀ ‘ਤੇ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹੈਲਪਲਾਈਨ ਸਰਵਿਸ ਸਟਾਫ਼, ਮਹਿਲਾ ਕਾਂਸਟੇਬਲ ਨੂੰ ਵੀ ਸੱਟ ਲੱਗੀ ਹੈ।

ਇਸ ਪੂਰੇ ਮਾਮਲੇ ਵਿੱਚ ਸਕਿਊਰਿਟੀ (ਪੁਲਿਸ ਵਾਹਨ) ਅਫ਼ਸਰ ਚਸ਼ਮਦੀਦ ਹਨ ਅਤੇ ਸ਼ਿਕਾਇਤ ਦਰਜ ਕਰਵਾਉਣ ਵਾਲੇ ਵੀ ਉਹੀ ਬਣੇ।

ਮ੍ਰਿਤਕ ਹਰੇਸ਼ ਸੋਲੰਕੀ ਪਰਿਵਾਰ ਵਿੱਚ ਕਮਾਉਣ ਵਾਲੇ ਇਕੱਲੇ ਸ਼ਖ਼ਸ ਸਨ। ਉਨ੍ਹਾਂ ਦਾ ਕਤਲ ਹੋਣ ਨਾਲ ਪਰਿਵਾਰ ‘ਤੇ ਆਰਥਿਕ ਸੰਕਟ ਆ ਗਿਆ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ ਫੜ ਲਿਆ ਹੈ ਅਤੇ ਬਾਕੀ ਸਾਰੇ ਫਰਾਰ ਹਨ।

ਗਰਭਵਤੀ ਪਤਨੀ

ਕੱਛ ਜ਼ਿਲ੍ਹੇ ਵਿੱਚ ਅੰਜਾਰ ਤਹਿਸੀਲ ਦੇ ਵਰਸਾਮੇੜੀ ਪਿੰਡ ਵਿੱਚ ਹਰੇਸ਼ ਸੋਲੰਕੀ ਨੇ ਅਹਿਮਦਾਬਾਦ ਦੇ ਮਾਂਡਲ ਤਹਿਸੀਲ ਦੇ ਵਰਮੋਰ ਪਿੰਡ ਦੀ ਉਰਮਿਲਾ ਝਾਲਾ ਦੇ ਨਾਲ ਲਵ-ਮੈਰਿਜ ਕਰਵਾਈ ਸੀ।

ਪਿਛਲੇ ਦੋ ਮਹੀਨੇ ਤੋਂ ਉਰਮਿਲਾ ਆਪਣੇ ਪੇਕੇ ਘਰ ਰਹਿ ਰਹੀ ਸੀ। ਪਤਨੀ ਨੂੰ ਆਪਣੇ ਨਾਲ ਲਿਜਾਉਣ ਲਈ ਹਰੇਸ਼ ਸੋਲੰਕੀ ਨੇ 181 ਸਕਿਊਰਿਟੀ (ਪੁਲਿਸ ਵਾਹਨ) ਦੀ ਮਦਦ ਲਈ ਸੀ।

ਸ਼ਿਕਾਇਤਕਰਤਾ ਭਾਵਿਕਾ ਬੇਨ ਨਵਜੀਭਾਈ ਨੇ ਕਿਹਾ, “ਹਰੇਸ਼ ਸੋਲੰਕੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਦੋ ਮਹੀਨੇ ਤੋਂ ਗਰਭਵਤੀ ਹੈ। ਇਸ ਲਈ ਚੰਗਾ ਹੋਵੇਗਾ ਤੁਸੀਂ ਮੇਰੇ ਸੁਹਰੇ ਪਰਿਵਾਰ ਨੂੰ ਸਮਝਾਉਣ ਲਈ ਨਾਲ ਚਲੋ।”

ਗੁਜਰਾਤ ਸਰਕਾਰ ਨੇ ਗੁਜਰਾਤ ਦੀਆਂ ਔਰਤਾਂ ਲਈ ਸੁਰੱਖਿਆ ਦੇ ਲਈ 181 ਸਕਿਊਰਿਟੀ ਨਾਮ ਦੀ ਟੋਲ ਫ੍ਰੀ ਸੇਵਾ ਸ਼ੁਰੂ ਕੀਤੀ ਹੈ, ਜੋ ਗੁਜਰਾਤ ਪੁਲਿਸ ਦੀ 1091 ਹੈਲਪਲਾਈਨ ਦੀ ਸੇਵਾ ਦੇ ਤੌਰ ‘ਤੇ ਕੰਮ ਕਰਦੀ ਹੈ।

ਇਹ ਹੈਲਪਲਾਈਨ ਔਰਤਾਂ ਨੂੰ ਕਾਊਂਸਲਿੰਗ, ਮਾਰਗਦਰਸ਼ਨ ਅਤੇ ਪ੍ਰੇਸ਼ਾਨੀ ਤੋਂ ਬਚਾਉਣ ਦਾ ਕੰਮ ਕਰਦੀ ਹੈ।

ਬਿਨਾਂ ਹਥਿਆਰਾਂ ਤੋਂ ਪੁਲਿਸ ਕਾਂਸਟੇਬਲ ਅਰਪਿਤਾ ਬੇਨ ਅਤੇ ਡਰਾਈਵਰ ਸੁਨੀਲ ਵੀ ਉਨ੍ਹਾਂ ਦੇ ਨਾਲ ਗਏ ਸਨ।

‘ਸੁਹਰੇ ਨੇ ਬੁਲਾਇਆ ਸੀ’

ਹਰੇਸ਼ ਸੋਲੰਕੀ ਸਕਿਊਰਿਟੀ ਟੀਮ ਦੇ ਨਾਲ ਉਰਮਿਲਾ ਬੇਨ ਦੇ ਪਿਤਾ ਦਸ਼ਰਥ ਸਿੰਘ ਝਾਲਾ ਦੇ ਘਰ ਆਉਣ ਲਈ ਤਿਆਰ ਹੋਏ।

ਤਿੰਨ ਸਾਲ ਤੋਂ ਹੈਲਪਲਾਈਨ ਕਾਊਂਸਲ ਦੇ ਤੌਰ ‘ਤੇ ਕੰਮ ਕਰ ਰਹੀ ਭਾਵਿਕਾ ਬੇਨ ਨੇ ਹਰੇਸ਼ ਭਾਈ ਨੂੰ ਚੌਕਸ ਕੀਤਾ ਸੀ ਕਿ ਦੋਵਾਂ ਪਰਿਵਾਰਾਂ ਵਿਚਾਲੇ ਕੋਈ ਪੁਲਿਸ ਕੇਸ ਜਾਂ ਮਤਭੇਦ ਚਲ ਰਹੇ ਹੋਣ ਤਾਂ ਉੱਥੇ ਜਾਣਾ ਸਹੀ ਨਹੀਂ ਹੈ।

ਉਨ੍ਹਾਂ ਦੇ ਜਵਾਬ ਵਿੱਚ ਹਰੇਸ਼ ਨੇ ਕਿਹਾ ਸੀ ਕਿ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਕਿਹਾ ਸੀ, “ਤੁਹਾਨੂੰ ਕੋਈ ਘਰ ਨਹੀਂ ਵਿਖਾਏਗਾ। ਮੈਂ ਤੁਹਾਡੇ ਨਾਲ ਆਉਂਦਾ ਹਾਂ। ਉਰਮਿਲਾ ਦੇ ਪਿਤਾ ਮੈਨੂੰ ਜਾਣਦੇ ਹਨ।”

ਹਰੇਸ਼ ਨੇ ਕਿਹਾ, “ਉਰਮਿਲਾ ਖੁਸ਼ੀ-ਖੁਸ਼ੀ ਗਈ ਹੈ। ਮੈਂ ਤੁਹਾਨੂੰ ਦੂਰੋਂ ਉਨ੍ਹਾਂ ਦਾ ਘਰ ਦਿਖਾ ਦਿਆਂਗਾ।”

ਸਕਿਊਰਿਟੀ ਅਫ਼ਸਰ ਭਾਵਿਕਾ ਬੇਨ ਅਤੇ ਕਾਂਸਟੇਬਲ ਅਰਪਿਤਾ ਬੇਨ ਮੁਲਜ਼ਮ ਦਸ਼ਰਥ ਸਿੰਘ ਦੇ ਘਰ ਗਏ ਸਨ।

ਹਰੇਸ਼ ਨੇ ਵਰਮੋਰ ਪਿੰਡ ਵਿੱਚ ਉਨ੍ਹਾਂ ਦੀ ਪਤਨੀ ਉਰਮਿਲਾ ਦਾ ਘਰ ਵਿਖਾਇਆ ਸੀ ਅਤੇ ਖ਼ੁਦ ਸਕਿਊਰਿਟੀ ਵੈਨ ਵਿੱਚ ਡਰਾਈਵਰ ਦੇ ਕੋਲ ਬੈਠੇ ਸਨ।

‘ਦਲਿਤ ਸਾਡੀ ਕੁੜੀ ਨੂੰ ਭਜਾ ਕੇ ਲੈ ਗਿਆ ‘

ਭਾਵਿਕਾ ਬੇਨ ਨੇ ਸ਼ਿਕਾਇਤਕਰਤਾ ਹਰੇਸ਼ ਸੋਲੰਕੀ ਦੀ ਪਤਨੀ ਉਰਮਿਲਾ ਬੇਨ, ਉਨ੍ਹਾਂ ਦੇ ਪਿਤਾ ਦਸ਼ਰਥ ਸਿੰਘ, ਭਰਾ ਇੰਦਰਜੀਤ ਸਿੰਘ ਅਤੇ ਪਰਿਵਾਰ ਦੀਆਂ ਔਰਤਾਂ ਦੇ ਨਾਲ 15-20 ਮਿੰਟ ਗੱਲਬਾਤ ਕੀਤੀ।

ਵਿਚਾਰ-ਚਰਚਾ ਤੋਂ ਬਾਅਦ ਪਰਿਵਾਰ ਨੇ ਸੋਚਣ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ। ਇਸ ਲਈ ਸਕਿਊਰਿਟੀ ਸਟਾਫ਼ ਵਾਪਿਸ ਆ ਗਿਆ।

ਸਟਾਫ਼ ਜਦੋਂ ਵਾਪਿਸ ਆਉਣ ਲੱਗਾ ਤਾਂ ਉਰਮਿਲਾ ਦੇ ਪਿਤਾ ਦਸ਼ਰਥ ਸਿੰਘ ਵੀ ਉਨ੍ਹਾਂ ਨੂੰ ਛੱਡਣ ਲਈ ਗੱਡੀ ਤੱਕ ਆਏ, ਜਿੱਥੇ ਉਨ੍ਹਾਂ ਨੇ ਹਰੇਸ਼ ਨੂੰ ਦੇਖ ਲਿਆ।

ਐਫਆਈਆਰ ਮੁਤਾਬਕ ਦਸ਼ਰਥ ਸਿੰਘ ਨੇ ਕਿਹਾ ਸੀ, “ਦਲਿਤ ਸਾਡੀ ਕੁੜੀ ਨੂੰ ਭਜਾ ਕੇ ਲੈ ਗਿਆ ਹੈ। ਉਹ ਗੱਡੀ ਵਿੱਚ ਡਰਾਈਵਰ ਦੇ ਕੋਲ ਬੈਠਾ ਹੈ, ਉਸ ਨੂੰ ਬਾਹਰ ਕੱਢ ਕੇ ਮਾਰ ਦਿਓ।”

ਫਿਰ ਉਨ੍ਹਾਂ ਨੇ ਸਕਿਊਰਿਟੀ ਵਾਲੀ ਗੱਡੀ ਸਾਹਮਣੇ ਟਰੈਕਟਰ ਅਤੇ ਬਾਈਕ ਲਗਾ ਦਿੱਤੀ ਅਤੇ ਸਕਿਊਰਿਟੀ ਸਟਾਫ਼ ‘ਤੇ ਵੀ ਹਮਲਾ ਕੀਤਾ।

ਮਹਿਲਾ ਕਾਂਸਟੇਬਲ ਅਰਪਿਤਾ ਬੇਨ ਦੇ ਨਾਲ ਵੀ ਮਾਰ-ਕੁੱਟ ਕੀਤੀ ਗਈ। ਬਾਅਦ ਵਿੱਚ ਉਨ੍ਹਾਂ ਨੇ 181 ‘ਤੇ ਫੋਨ ਕਰਕੇ ਪੁਲਿਸ ਬੁਲਾਈ।

ਹਰੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। 15 ਮਿੰਟ ਬਾਅਦ ਪੁਲਿਸ ਆ ਗਈ। ਉਨ੍ਹਾਂ ਨੇ ਹਰੇਸ਼ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।

‘ਇਕੱਲਾ ਕਮਾਉਣ ਵਾਲਾ ਸੀ’

ਹਰੇਸ਼ ਸੋਲੰਕੀ ਦੇ ਚਾਚਾ ਸ਼ਾਂਤੀਲਾਲ ਮੁਤਾਬਕ, “ਪੂਰਾ ਪਰਿਵਾਰ ਹਰੇਸ਼ ‘ਤੇ ਨਿਰਭਰ ਸੀ ਅਤੇ ਉਸਦਾ ਕਤਲ ਕਰ ਦਿੱਤਾ ਗਿਆ।”

ਉਨ੍ਹਾਂ ਨੇ ਦੱਸਿਆ, “ਹਰੇਸ਼ ਦੇ ਪਿਤਾ ਯਸ਼ਵੰਤ ਭਾਈ ਪਹਿਲਾਂ ਸਕਿਊਰਿਟੀ ਗਾਰਡ ਦੇ ਤੌਰ ‘ਤੇ ਕੰਮ ਕਰਦੇ ਸਨ। ਹੁਣ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ।”

“ਹਰੇਸ਼ ਪ੍ਰਾਈਵੇਟ ਕੰਪਨੀ ਵਿੱਚ ਡਰਾਈਵਰ ਦੀ ਨੌਕਰੀ ਕਰਦੇ ਸਨ। ਛੋਟਾ ਭਰਾ ਸੰਜੇ ਮਜ਼ਦੂਰੀ ਕਰਦਾ ਹੈ। ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਸਰਕਾਰੀ ਯੋਜਨਾ ਤਹਿਤ ਮਕਾਨ ਮਿਲਿਆ ਸੀ। ਜਿਨ੍ਹਾਂ ਦੇ ਲੋਨ ਦੀ ਕਿਸ਼ਤ ਹਰੇਸ਼ ਭਰਦੇ ਸਨ। ਹਰੇਸ਼ ਦੀ ਇੱਕ ਭੈਣ ਹੈ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ।”

ਪੁਲਿਸ ਦੀ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਲਗਾ ਕੇ ਸ਼ਿਕਾਇਤ ਦਰਜ ਕਰਕੇ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਹਿਮਦਾਬਾਦ ਦਿਹਾਤੀ ਪੁਲਿਸ ਸੁਪਰੀਟੈਂਡੇਂਟ ਵੀਐੱਸ ਅਸਾਰੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, “ਇਸ ਕੇਸ ਵਿੱਚ ਅੱਠ ਮੁਲਜ਼ਮਾਂ ਵਿੱਚੋਂ ਇੱਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਬਾਕੀ ਸਾਰੇ ਫਰਾਰ ਹਨ। ਉਨ੍ਹਾਂ ਦੀ ਤਲਾਸ਼ ਲਈ ਪੰਜ ਮੈਂਬਰੀ ਟੀਮ ਬਣਾਈ ਗਈ ਹੈ।”

 

 

 

Leave a Reply

Your email address will not be published. Required fields are marked *