ਪੰਜਾਬ ’ਚ ਕਈ ਥਾਈਂ ਭਾਰੀ ਮੀਂਹ

ਅੱਜ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਵੇਰ ਤੋਂ ਹੀ ਭਾਰੀ ਵਰਖਾ ਸ਼ੁਰੂ ਹੋ ਗਈ ਪਰ ਇਹ ਵਰਖਾ ਸਾਰੇ ਸੂਬੇ ’ਚ ਨਹੀਂ ਹੈ। ਇਸ ਵਾਰ ਮਾਨਸੂਨ ਸਰਗਰਮ ਤਾਂ ਹੈ ਪਰ ਸੂਬੇ ਦੇ ਖ਼ਾਸ ਇਲਾਕਿਆਂ ’ਤੇ ਹੀ ਉਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਖ਼ਬਰ ਏਜੰਸੀ ਏਐੱਨਆਈ ਨੇ ਅੱਜ ਸਵੇਰੇ ਲੁਧਿਆਣਾ ’ਚ ਪਏ ਭਾਰੀ ਮੀਂਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਅਸੀਂ ਇੱਥੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਸ਼ਹਿਰ ਵਿੱਚ ਹਰ ਪਾਸੇ ਜਲ–ਥਲ ਹੋਇਆ ਪਿਆ ਹੈ।

ਇਹ ਮੀਂਹ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਲੁਧਿਆਣਾ, ਮੋਗਾ, ਬਰਨਾਲਾ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮਾਨਸਾ ਸੰਗਰੂਰ ਸਮੇਤ ਪੰਜਾਬ ਦੇ ਕੁਝ ਹੋਰ ਇਲਾਕਿਆਂ ਵਿੱਚ ਪੈ ਰਿਹਾ ਹੈ। ਜ਼ਿਆਦਾਤਰ ਥਾਵਾਂ ਉੱਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਹੈ।

ਬਠਿੰਡਾ, ਫ਼ਾਜ਼ਿਲਕਾ ਤੇ ਫ਼ਰੀਦਕੋਟ ਜਿਹੇ ਪੱਛਮੀ ਜ਼ਿਲ੍ਹਿਆਂ ਵਿੱਚ ਵਰਖਾ ਹੈ ਤਾਂ ਸਹੀ ਪਰ ਕਾਫ਼ੀ ਘੱਟ ਦੱਸੀ ਜਾ ਰਹੀ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਭਲਕੇ ਸ਼ੁੱਕਰਵਾਰ 3 ਅਗਸਤ ਨੂੰ ਮੀਂਹ ਘਟ ਜਾਵੇਗਾ ਤੇ ਸੂਬੇ ਦੇ ਪੂਰਬੀ ਤੇ ਮੱਧ ਜ਼ਿਲ੍ਹਿਆਂ ਵਿੱਚ ਹਲਕੀ ਪਰਖਾ ਹੋਵੇਗਾ ਤੇ ਪੱਛਮੀ ਪੰਜਾਬ ਵਿੱਚ ਮੌਸਮ ਖ਼ੁਸ਼ਕ ਬਣਿਆ ਰਹੇਗਾ।

ਇਸ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਹੈ ਕਿ ਝੋਨੇ ਦੇ ਖੇਤਾਂ ਵਿੱਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੀ ਖਾਦਾਂ ਦੀ ਵਰਤੋਂ ਕਰਨ ਤੇ ਜੇ ਦੋ ਦਿਨ ਮੀਂਹ ਨਾ ਪਵੇ, ਤਾਂ ਸਿੰਜਾਈ ਕਰਨ।

ਸਬਜ਼ੀਆਂ, ਮੂੰਗੀ ਤੇ ਮਾਂਹ ਦੀ ਦਾਲ਼ ਦੀ ਬਿਜਾਈ ਲਈ ਮੌਸਮ ਸਾਫ਼ ਰਹਿਣ ਉੱਤੇ ਹੀ ਜੁਤਾਈ ਕੀਤੀ ਜਾਵੇ ਤੇ ਖੇਤ ਤਿਆਰ ਕੀਤੇ ਜਾਣ। ਗੋਭੀ ਲਾਉਣ ਲਈ ਇਹ ਵਧੀਆ ਸਮਾਂ ਹੈ।

Leave a Reply

Your email address will not be published. Required fields are marked *