ਹਰੀਕੇ ਪੱਤਨ ਦੇ ਪਿੰਡ ਬੂਹ ਵਿਖੇ ਕੇਸ ਕੱਟਣ ਦਾ ਮਾਮਲਾ

ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆਡੀਓ ਅਤੇ ਵੀਡੀਓ ਕਲਿਪਸ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਪੰਜਾਬ ਅੰਦਰ ਹੀ ਨਾਜਾਇਜ਼ ਮਾਈਨਿੰਗ ਤੋਂ ਰੋਕਣ ਵਾਲੇ ਕਿਸਾਨਾਂ ਨੂੰ ਪੁਲੀਸ ਵੱਲੋਂ ਇਸ ਪੱਧਰ ਤੱਕ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਕਿ ਪੁਲੀਸ ਦਹਿਸ਼ਤ ਕਾਰਨ ਇੱਕ ਗੁਰਸਿੱਖ ਨੌਜਵਾਨ ਨੇ ਆਪਣੇ ਕੇਸ ਕਟਵਾ ਲਏ ।

ਹਾਲਾਂਕਿ ਪੁਲਿਸ ਨੇ ਇਨ੍ਹਾਂ ਦੋਸ਼ਾਂ  ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ।

ਘਟਨਾ ਪੁਲਸ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਦੀ ਹੈ । ਇਸ ਥਾਣੇ ਵਿਚ ਤਾਇਨਾਤ ਐੱਸ ਐੱਚ ਓ ਹਰਪ੍ਰੀਤ ਸਿੰਘ ਉੱਪਰ ਪੁਲਸੀਆ ਕਹਿਰ ਢਾਹੁਣ ਦੇ ਦੋਸ਼ ਲੱਗੇ ਹਨ ।

ਵੀਡੀਓ ਵਿੱਚ ਇੱਕ ਪਾਲਾ ਨਾਮ ਦਾ ਵਿਅਕਤੀ ਦੱਸ ਰਿਹਾ ਹੈ ਕਿ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੂਹ ਦੇ ਵਸਨੀਕ ਹਾਂ । ਸਾਡੇ ਇੱਕ ਨਾਜਾਇਜ਼ ਮਾਈਨਿੰਗ ਖੱਡ ਚੱਲਦੀ ਹੈ । ਗੱਡੀਆਂ ਲੰਘਣ ਕਾਰਨ ਰਸਤਾ ਖਰਾਬ ਹੋ ਕੇ ਫ਼ਸਲ ਦਾ ਨੁਕਸਾਨ ਹੋ ਰਿਹਾ ਸੀ ।

ਇਸ ਲਈ ਪਿੰਡ ਵਾਲਿਆਂ ਰਸਤਾ ਬੰਦ ਕੀਤਾ ਤਾਂ ਐੱਸ ਐੱਚ ਓ ਹਰੀਕੇ ਹਰਪ੍ਰੀਤ ਸਿੰਘ ਨੇ ਗੁਰ ਸਿੱਖ ਕਿਸਾਨ ਦੀ ਦਾੜ੍ਹੀ ਅਤੇ ਜੂੜਾ ਪੁੱਟਿਆ ਅਤੇ ਧਮਕਾਇਆ ਕਿ ਜੇਕਰ ਤੂੰ ਜੂੜਾ ਨਾ ਕਟਾਇਆ , ਤੈਨੂੰ ਕੱਲ੍ਹ ਤੱਕ ਦੇਖ ਲਿਆ ਤਾਂ ਮੈਂ ਤੈਨੂੰ ਪਰਚਾ ਦੇ ਕੇ ਹਮੇਸ਼ਾ ਲਈ ਜੇਲ੍ਹ ਭੇਜ ਦਿਆਂਗਾ । ਵੀਡੀਓ ਵਿੱਚ ਕੱਟੇ ਹੋਏ ਕੇਸਾਂ ਵਾਲਾ ਇੱਕ ਨੌਜਵਾਨ ਵੀ ਦਿਖਾਈ ਦੇ ਰਿਹਾ ਹੈ । ਇਹ ਪਾਲਾ ਨਾਮ ਦਾ ਵਿਅਕਤੀ ਦੱਸ ਰਿਹਾ ਹੈ ਕਿ ਇਸ ਨੇ ਡਰ ਕਾਰਨ ਜੂੜਾ ਕਟਾਇਆ ।

ਪਾਲਾ ਕਹਿੰਦਾ ਹੈ ਕਿ ਜਦੋਂ ਇਸ ਐੱਸ ਐੱਚ ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਅੱਗੋਂ ਵੀਹ ਗਾਲਾਂ ਕੱਢੀਆਂ ਅਤੇ ਕਿਹਾ ਕਿ ਮੈਂ ਇਹ ਖੱਡ ਬੰਦ ਨਹੀਂ ਹੋਣ ਦੇਣੀ ਮੈਨੂੰ ਉਪਰੋਂ ਹੁਕਮ ਆ ।

ਇਸ ਦੌਰਾਨ ਹੀ ਇੱਕ ਆਡੀਓ ਹੋਰ ਰਿਕਾਰਡਿੰਗ ਵਿੱਚ ਐਸ ਐਚ ਓ ਇੱਕ ਪਿੰਡ ਦੇ ਪੰਚ ਨੂੰ ਕਹਿ ਰਿਹਾ ਹੈ ਕਿ ਰਾਹ ਰੋਕਣ ਦਾ ਮਤਲਬ ਪਰਚਾ । ਤੂੰ ਮੈਂਬਰ ਪੰਚਾਇਤ ਹੈ ਚੱਲਣ ਦਿਓ ਰਸਤਾ , ਬੰਦੇ ਪਰਾਂ ਕਰੋ ।

ਅੱਗਿਉਂ ਮੈਂਬਰ ਪੰਚਾਇਤ ਕਹਿੰਦਾ ਹੈ ਕਿ ਮੇਰੇ ਵੱਸ ਤੋਂ ਬਾਹਰ ਹੈ ਉਨ੍ਹਾਂ ਪੱਤਰਕਾਰ ਵੀ ਨਾਲ ਲਿਆਂਦਾ ਹੋਇਆ ਹੈ ਤਾਂ ਐੱਸ ਐੱਚ ਓ ਸਾਹਿਬ ਕਹਿੰਦੇ ਹਨ ਕਿ ਪੱਤਰਕਾਰ ਨੂੰ ਸਮਝਾ ਦਿਓ ਕਿ ਸਾਡਾ ਆਪਣਾ ਮੈਟਰ ਹੈ । ਪੰਚ ਕਹਿੰਦਾ ਹੈ ਕਿ ਮੇਰੇ ਵੱਸ ਦੀ ਗੱਲ ਨਹੀਂ ਤਾਂ ਅੱਗੋਂ ਐਸ ਐਚ ਓ ਸਾਹਿਬ ਕਹਿੰਦੇ ਹਨ ਕਿ ਪਾਲੇ ਨੂੰ ਚੱਕ ਲਿਆਵਾਂ ?

ਇੱਕ ਦੂਜੀ ਆਡੀਓ ਫੋਨ ਰਿਕਾਰਡਿੰਗ ਵਿੱਚ ਜਦੋਂ ਪਾਲਾ ਨਾਮ ਦਾ ਵਿਅਕਤੀ ਐੱਸ ਐੱਚ ਓ ਹਰੀਕੇ ਨੂੰ ਫੋਨ ਕਰਦਾ ਹੈ ਤਾਂ ਥਾਣਾ ਮੁਖੀ ਭੜਕ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਪਾਲਿਆ ਮੈਂ ਤੇਰੇ ਛਿੱਤਰ ਫੇਰਨੇ ਅੈਂ । ਟੈਲੀਫੋਨ ਉੱਪਰ ਹੀ ਚੱਲੀ ਬਹਿਸ ਦੌਰਾਨ ਪਿੰਡ ਵਾਸੀ ਲਗਾਤਾਰ ਵਾਰ ਵਾਰ ਕਹਿ ਰਿਹਾ ਹੈ ਕਿ ਤੁਸੀਂ ਉਸ ਦੀ ਦਾੜ੍ਹੀ ਦੇ ਵਾਲ ਪੁੱਟ ਕੇ ਕਟਾੲੇ ਆ । ਮੈਂ ਇਹਦਾ ਕਰਨ ਲੱਗਿਆਂ ਕੇਸ ਹਾਈਕੋਰਟ ਵੀ ਜਾਊਂਗਾ , ਡੀ ਜੀ ਪੀ ਕੋਲ ਵੀ ਕਰੂੰਗਾ ।

ਤੁਸੀਂ ਆਪਣੇ ਵਕੂਹੇ ਵਿੱਚ ਜੋ ਮਰਜ਼ੀ ਕਰੋ ਨਾਜਾਇਜ਼ ਮਾਈਨਿੰਗ ਅਸੀਂ ਨਹੀਂ ਕਰਨ ਦੇਣੀ । ਟਰੱਕ ਖਲੇ ਆ ਲੈ ਜਾਓ । ਐੱਸ ਐੱਚ ਓ ਮਖੂ ਨੂੰ ਅਸੀਂ ਫੋਨ ਕਰ ਦਿੱਤਾ ਹੈ । ਐੱਸ ਐੱਸ ਪੀ ਫ਼ਿਰੋਜ਼ਪੁਰ ਨੂੰ ਵੀ ਕਰਨ ਲੱਗਿਆਂ ਐੱਸ ਐੱਸ ਪੀ ਤਰਨਤਾਰਨ ਨੂੰ ਵੀ ਕਰਨ ਲੱਗਿਆਂ । ਦਾੜ੍ਹੀ ਅਤੇ ਜੂੜਾ ਤੁਸੀਂ ਪੁੱਟਿਆ । ਇਹਦਾ ਪੂਰੇ ਪੰਜਾਬ ਚ ਰੌਲਾ ਪਾਊਂਗਾ । ਹੀਰਾ ਸਿੰਘ ਗੁਰਸਿੱਖ ਬੰਦਾ ਸੀ ।

ਅੱਗਿਉਂ ਐਸ ਐਚ ਓ ਵਾਰ – ਵਾਰ ਇਹੀ ਕਹਿ ਰਿਹਾ ਹੈ ਕਿ ਮੈਂ ਦਾੜ੍ਹੀ ਅਤੇ ਜੂੜਾ ਨਹੀਂ ਪੁੱਟਿਆ l ਬਹਿਸ ਦੌਰਾਨ ਪਿੰਡ ਵਾਸੀ ਕਹਿੰਦਾ ਹੈ ਕਿ ਮੇਰੇ ਕੋਲ ਵੀ ਚਾਲੀ ਬੰਦੇ ਹਨ । ਜਿਨ੍ਹਾਂ ਨੂੰ ਪਤਾ ਹੈ ਕਿ ਤੁਸੀਂ ਜੂੜੇ ਤੋਂ ਫੜ ਕੇ ਧਰੂਹਿਆ । ਐੱਸ ਐੱਚ ਓ ਕਹਿ ਰਹੇ ਹਨ ਕਿ ਭਾਵੇਂ ਸੌ ਬੰਦਾ ਇਕੱਠਾ ਕਰਲੈ ।

ਜਦੋਂ ਮੈਂ ਕੀਤਾ ਹੀ ਨਹੀਂ ਇਹ ਕੰਮ ।

ਪਿੰਡ ਵਾਸੀ ਕਹਿ ਰਿਹਾ ਕਿ ਤੁਸੀਂ ਦਸ ਮੁਲਾਜ਼ਮ ਭੇਜੇ ਹਨ , ਮੇਰੇ ਘਰ , ਮੈਨੂੰ ਚੁਕਾਉਣ ਲਈ । ਮੈਂ ਉਸਦੀ ਵੀਡੀਓ ਬਣਵਾਈ ਹੈ ਤਾਂ ਐੱਸ ਐੱਚ ਓ ਕਹਿੰਦੇ ਹਨ ਕਿ ਬਨਵਾ ਲੈ ਵੀਡੀਓ ਵੀਡੀਓ ਦਾ ਕੀ ਹੈ । ਨਾਲ ਇਹ ਵੀ ਕਹਿੰਦੇ ਆ ਕਿ ਜਦੋਂ ਤੁਹਾਡੀ ਡੀਲਿੰਗ ਹੋ ਗਈ ਸੀ ਪੰਜ ਸੌ ਰੁਪਏ ਦੀ ਝੰਡੀ ਦਾ ਫ਼ੈਸਲਾ ਹੋਇਆ ਸੀ ਤਾਂ ਫਿਰ ਚੱਲਣ ਕਿਉਂ ਨਹੀਂ ਦਿੰਦੇ l

ਪਿੰਡ ਵਾਸੀ ਇਹ ਗੱਲ ਵੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਮੰਗੇ ਦੀ ਮਾਂ ਕਿਉਂ ਚੁੱਕੀ ਸੀ । ਐੱਸ ਐੱਚ ਓ ਕਹਿ ਰਿਹਾ ਹੈ ਕਿ ਤੁਸੀਂ ਬਦਮਾਸ਼ੀ ਕਰ ਰਹੇ ਹੋ ਜਦ ਕਿ ਪਿੰਡ ਵਾਲੇ ਕਹਿੰਦੇ ਹਨ ਕਿ ਤੁਸੀਂ ਬਦਮਾਸ਼ੀ ਕਰ ਰਹੇ ਹੋ । ਐਸ ਐਚ ਓ ਹਰਪ੍ਰੀਤ ਸਿੰਘ ਕਹਿ ਰਹੇ ਹਨ ਕਿ ਤੂੰ ਪੰਜ ਟਿੱਪਰ ਪਾੲੇ ਆ , ਉਹ ਕਿਉਂ ਪਾੲੇ ਤੇ ਪਿੰਡ ਵਾਸੀ ਕਹਿੰਦਾ ਹੈ ਕਿ ਜਿਹੜਾ ਮੇਰਾ ਸੰਦ ਚੱਲਦਾ , ਪਰਚਾ ਦੇ ਦਿਓ ।

ਪਿੰਡ ਵਾਸੀ ਇੱਕ ਹੋਰ ਮੁੱਦਾ ਇਹ ਖੜ੍ਹਾ ਕਰਦਾ ਹੈ ਕਿ ਇਹ ਵਕੂਆ ਜਦੋਂ ਮਖੂ ( ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ) ਦਾ ਹੈ ਤਾਂ ਹਰੀਕੇ ਪੁਲਿਸ ਉੱਥੇ ਕੀ ਕਰਦੀ ।

 

ਧਿਆਨ ਨਾਲ ਸੁਣੀਆਂ ਗਈਆਂ ਆਡੀਓ ਕਲਿੱਪਸ ਅਤੇ ਦੇਖੀ ਗਈ ਵੀਡੀਓ ਕਲਿੱਪ ਇਹ ਸਾਬਤ ਕਰਦੀ ਹੈ ਕਿ ਰੌਲਾ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਹੈ । ਥਾਣਾ ਮੁਖੀ ਹਰ ਹੀਲੇ ਰੇਤ ਦੀ ਖੱਡ ਚਲਾਉਣਾ ਚਾਹੁੰਦਾ ਹੈ । ਇਸ ਕੰਮ ਲਈ ਉਹ ਜਿੱਥੇ ਪਿੰਡ ਵਾਸੀਆਂ ਨੂੰ ਧਮਕਾ ਰਿਹਾ ਹੈ , ਉੱਥੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਠੇਕੇਦਾਰਾਂ ਨਾਲ ਸੌਦੇਬਾਜ਼ੀ ਕਰਨ ਲਈ ਵੀ ਉਕਸਾਉਂਦਾ ਦਿਖਾਈ ਦਿੰਦਾ ਹੈ ।

ਇਸ ਦੌਰਾਨ ਥਾਣਾ ਮੁਖੀ ਨੇ ਕਿਸੇ ਗੁਰਸਿੱਖ ਨੌਜਵਾਨ ਦੇ ਕੇਸਾਂ ਤੋਂ ਫੜ ਕੇ ਧਰੂਹਿਅਾ ਹੈ ਜਾਂ ਨਹੀਂ । ਕਿਸੇ ਗੁਰਸਿੱਖ ਕਿਸਾਨ ਦੀ ਦਾੜ੍ਹੀ ਪੁੱਟੀ ਹੈ ਜਾਂ ਨਹੀਂ । ਕਿਸੇ ਔਰਤ ਨੂੰ ਚੁੱਕ ਕੇ ਲਿਆਂਦਾ ਹੈ ਜਾਂ ਨਹੀਂ ।

ਇਸ ਘਟਨਾ ਕਾਰਨ ਸਬੰਧੀ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ , ਇਸ ਸਬੰਧੀ ਡੀ ਐੱਸ ਪੀ ਪੱਟੀ ਸ੍ਰ. ਏ ਡੀ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਬਿਲਕੁੱਲ ਕੋਰਾ ਝੂਠ ਹੈ ।

ਇਸ ਸਬੰਧੀ ਪਿੰਡ ਵਾਸੀਆਂ ਦੇ ਬਿਆਨ ਵੀ ਕਲਮਬੱਧ ਕੀਤੇ ਹਨ ।

ਪਾਲਾ ਨਾਮ ਦਾ ਵਿਅਕਤੀ ਖੁਦ ਰੇਤ ਦੀ ਨਾਜਾਇਜ਼ ਮਾਈਨਿੰਗ ਕਰਦਾ ਸੀ , ਜਿਸ ਖਿਲਾਫ਼ ਮੁਕੱਦਮਾ ਵੀ ਦਰਜ਼ ਹੈ ।

ਜਿਸ ਵਿਅਕਤੀ ਦੇ ਵਾਲ ਕੱਟੇ ਗਏ ਹਨ ਉਹ ਖ਼ੁਦ ਨਸ਼ਿਆਂ ਦਾ ਆਦੀ ਹੈ ।

ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਮੁੰਡਾ ਵੀ ਸੋਸ਼ਲ ਮੀਡੀਆ ‘ਤੇ ਬਿਆਨ ਦੇਣ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਉਸ ਨੂੰ ਵਰਤਿਆ ਗਿਆ ਹੈ l

Leave a Reply

Your email address will not be published. Required fields are marked *