ਗੁਰੂ ਗ੍ਰੰਥ ਸਾਹਿਬ ਨੂੰ ਫੌਜ ਦੁਆਰਾ ਹੜ੍ਹ ‘ਚੋਂ ਕੱਢਿਆ ਗਿਆ

ਫਿਲੌਰ ਦੇ ਪਿੰਡ ਲੋਧੀਪੁਰ ਖਾਲਸਾ ਵਿੱਚ ਪਾਣੀ ਨਾਲ ਘਿਰੇ ਇੱਕ ਗੁਰਦੁਆਰੇ ਤੋਂ ਭਾਰਤੀ ਫੌਜ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬਾਹਰ ਕੱਢਿਆ।

ਪੰਜਾਬ ਦੇ ਦੋਆਬਾ, ਮਾਝਾ ਅਤੇ ਪੁਆਧ ਦੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਭਾਖੜਾ ਬੰਨ੍ਹ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਸਤਲੁਜ ਕੰਢੇ ਵਸਦੇ ਪਿੰਡਾਂ ਵਿੱਚ ਜਨ-ਜੀਵਨ ਅਸਰ ਹੇਠ ਹੈ।

ਇਸ ਤਰ੍ਹਾਂ ਦੇ ਹਾਲਾਤ ਫਿਲੌਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਨਜ਼ਰ ਆਏ।

ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਐਨਡੀਆਰਐਫ ਅਤੇ ਫੌਜ ਦੇ ਜਵਾਨਾਂ ਵੱਲੋਂ ਬਾਹਰ ਕੱਢਿਆ ਗਿਆ।

ਪਿੰਡ ਲੋਧੀਪੁਰ ਖਾਲਸਾ ਵਿੱਚ ਸਥਿਤ ਗੁਰਦੁਆਰਾ ਵੀ ਪਾਣੀ ਨਾਲ ਘਿਰ ਗਿਆ। ਗੁਰੁਦੁਆਰੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿਸ਼ਤੀ ਰਾਹੀਂ ਫੌਜ ਨੇ ਬਾਹਰ ਕੱਢਿਆ।

ਲੋਧੀਪੁਰ ਖਾਲਸਾ ਪਿੰਡ ਦੇ ਨਿਵਾਸੀ ਲਖਵਿੰਦਰ ਸਿੰਘ ਨੇ ਕਿਹਾ, ”ਪਿੰਡ ਦਾ ਗੁਰਦੁਆਰਾ ਪਾਣੀ ਨਾਲ ਘਿਰ ਗਿਆ ਸੀ। ਪ੍ਰਸ਼ਾਸਨ ਦੀ ਮਦਦ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਬਾਹਰ ਕੱਢਿਆ ਗਿਆ।”

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਾਣੀ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਵੜ ਗਿਆ। “ਝੋਨੇ ਦੀ ਫਸਲ, ਪਸ਼ੂਆਂ ਲਈ ਚਾਰਾ ਅਤੇ ਸਬਜ਼ੀਆਂ ਸਭ ਤਬਾਹ ਹੋ ਗਿਆ।”

ਕੁਝ ਥਾਵਾਂ ‘ਤੇ ਲੋਕ ਘਰਾਂ ਦੀਆਂ ਛੱਤਾਂ ‘ਤੇ ਬੈਠ ਕੇ ਖੁਦ ਨੂੰ ਬਚਾਉਂਦੇ ਨਜ਼ਰ ਆਏ।

 

ਰੋਪੜ ਹੈੱਡ ਵਰਕ ਤੋਂ ਤਕਰੀਬਨ ਸਵਾ ਦੋ ਲੱਖ ਕਿਊਸਿਕ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਨਕੋਦਰ, ਸ਼ਾਹਕੋਟ ਅਤੇ ਫਿਲੌਰ ਦੇ ਐਸਡੀਐਮ ਨੂੰ ਨਿਦਰੇਸ਼ ਜਾਰੀ ਕਰਦਿਆਂ ਜ਼ਿਲ੍ਹੇ ਦੇ 81 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ।

ਇਨ੍ਹਾਂ ਵਿੱਚ ਸ਼ਾਹਕੋਟ, ਫਿਲੌਰ ਅਤੇ ਨਕੋਦਰ ਖੇਤਰ ਦੇ ਪਿੰਡ ਸ਼ਾਮਲ ਹਨ।

ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਕਈ ਸਕੂਲਾਂ ਨੂੰ ਬੰਦ ਕਰਕੇ ਰਾਹਤ ਕੈਂਪ ਬਣਾਏ ਗਏ ਹਨ ਪਰ ਇੰਨ੍ਹਾਂ ਸਕੂਲਾਂ ਦੇ ਟੀਚਰਾਂ ਨੂੰ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।

ਰਾਹਤ ਕੈਂਪ ਵਾਲੇ ਪਿੰਡਾਂ ਦੇ ਗੁਰੂਦੁਆਰਿਆਂ ਵਿੱਚ ਲੋਕਾਂ ਦੇ ਰਹਿਣ ਦੇ ਇੰਤਜ਼ਾਮ ਕੀਤੇ ਗਏ ਹਨ।

ਪੰਜਾਬ ਅਤੇ ਹਿਮਾਚਲ ਵਿੱਚ ਬੀਤੇ ਦੋ ਦਿਨ (ਬੀਤੇ ਸ਼ਨੀਵਾਰ ) ਤੋਂ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਸੋਮਵਾਰ ਸਵੇਰੇ ਤੋਂ ਪੰਜਾਬ ਦੇ ਜ਼ਿਲਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਕੁਝ ਇਲਾਕਿਆਂ ‘ਚ ਤੜਕੇ ਹੋਈ ਹਲਕੀ ਬਰਸਾਤ ਤੋਂ ਬਾਅਦ ਮੌਸਮ ਸਾਫ ਹੈ।

ਪਰ ਇਸਦੇ ਬਾਵਜੂਦ ਪਠਾਨਕੋਟ ਅਤੇ ਗੁਰਦਾਸਪੁਰ ਚ ਅਲਰਟ ਜਾਰੀ ਹੈ ਉਸਦੀ ਮੁਖ ਵਜ੍ਹਾ ਹੈ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਆ ਰਿਹਾ ਦਰਿਆਵਾਂ ਦਾ ਪਾਣੀ।

ਪਠਾਨਕੋਟ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਸੋਮਵਾਰ ਸਵੇਰੇ 9 ਵਜੇ ਦੀ ਮਿਲੀ ਰਿਪੋਰਟ ਅਨੁਸਾਰ 523.09 ਮੀਟਰ ਤੱਕ ਪਹੁੰਚ ਚੁੱਕਾ ਸੀ ਅਤੇ ਇਹ ਪਾਣੀ ਦਾ ਪੱਧਰ ਲਗਾਤਾਰ ਬੀਤੇ ਦੋ ਦਿਨ ਤੋਂ ਵੱਧ ਰਿਹਾ ਹੈ

ਰਣਜੀਤ ਸਾਗਰ ਡੈਮ ਦੇ ਕੰਟਰੋਲ ਰੂਮ ਤੋਂ ਮਿਲੀ ਜਾਣਕਰੀ ਦੇ ਮੁਤਾਬਿਕ 18 ਅਗਸਤ ਐਤਵਾਰ ਦੁਪਹਿਰ 3 ਵਜੇ ਦੀ ਰਿਪੋਰਟ ਅਨੁਸਾਰ ਪਾਣੀ ਦਾ ਪੱਧਰ 521.96 ਮੀਟਰ ਸੀ।

 

ਸੋਮਵਾਰ ਸਵੇਰੇ ਰਣਜੀਤ ਸਾਗਰ ਡੈਮ ਦੇ ਕੰਟਰੋਲ ਰੂਮ ਤੋਂ ਮਿਲੀ ਜਾਣਕਰੀ ਦੇ ਮੁਤਾਬਿਕ ਸਵੇਰ 9 ਵਜੇ ਦੀ ਰਿਪੋਰਟ ਅਨੁਸਾਰ ਪਾਣੀ ਦਾ ਪੱਧਰ 523.09 ਮੀਟਰ ਸੀ ਜੋ ਖ਼ਤਰੇ ਦੇ ਪੱਧਰ ਤੋਂ ਕਰੀਬ 4 ਮੀਟਰ ਘੱਟ ਹੈ।

ਮੋਗਾ ਦੇ ਕਈ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਹਨ। ਮੋਗਾ ਵਿੱਚ 48 ਪਿੰਡ ਹੜ੍ਹ ਦੇ ਖ਼ਤਰੇ ਹੇਠ ਹਨ।

ਧਰਮ ਕੋਟ ਕਸਬੇ ਵਿੱਚ ਪੈਂਦੇ 28 ਪਿੰਡ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚ ਸੰਘੇੜਾ. ਕੰਬੋ ਖੁਰਦ ਅਤੇ ਭੈਣੀ ਜ਼ਿਆਦਾ ਪ੍ਰਭਾਵਿਤ ਹੋਏ ਹਨ।

ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਪ੍ਰਭਾਵਿਤ ਲੋਕ ਰਿਲੀਫ਼ ਕੈਂਪਾ ਵਿੱਚ ਸ਼ਰਨ ਲੈਣ। ਧਰਮਕੋਟ, ਕਿਸ਼ਨਪੁਰਾ ਕਲਾਂ, ਖੰਬਾ ਅਤੇ ਫਤਿਹਗੜ੍ਹ ਪੰਜਤੂਰ ਵਿੱਚ ਰਾਹਤ ਕੈਂਪ ਬਣਾਏ ਗਏ ਹਨ . ਮੋਗਾ ‘ਚ ਘਰ ਡੁੱਬੇ ਪਾਣੀ ‘ਚ, ਪ੍ਰਸ਼ਾਸਨ ਨੇ 4 ਬਚਾਅ ਕੇਂਦਰ ਬਣਾਏ

ਫਿਰੋਜ਼ਪੁਰ ਵਿੱਚ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਦੇ ਵਧ ਰਹੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਸਰਹੱਦੀ ਖੇਤਰ ਦੇ ਕਸਬਾ ਮਮਦੋਟ ਨਾਲ ਲੱਗਦੇ ਪਿੰਡਾਂ ਚੱਕ ਰਾਉ ਕੇ, ਗੱਟੀ ਮੱਤੜ, ਫਾਰੂ ਵਾਲਾ ਅਤੇ ਰਾਜਾ ਰਾਏ ਪਿੰਡਾਂ ਵਿੱਚ ਫੌਜ ਵੱਲੋਂ ਅਨਾਊਂਸਮੈਂਟ ਕਰਵਾਈ ਗਈ ਹੈ ਕਿ ਦਰਿਆਈ ਖੇਤਰ ਅੰਦਰ ਖੇਤੀ ਵਾਲੀਆਂ ਜ਼ਮੀਨਾਂ ਵਿੱਚ ਲੋਕ ਬਿਲਕੁਲ ਨਾ ਜਾਣ।

ਐਤਵਾਰ ਨੂੰ ਜ਼ਿਲ੍ਹੇ ਦੇ 52 ਮੋਸਟ ਸੈਂਸਟਿਵ ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਫਿਰੋਜ਼ਪੁਰ ਤਹਿਸੀਲ ਦੇ 40 ਅਤੇ ਜ਼ੀਰਾ ਤਹਿਸੀਲ ਦੇ 20 ਪਿੰਡਾਂ ਵਿਚੋਂ ਲੋਕਾਂ ਤੇ ਪਸ਼ੂਆ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾਣ ਲਈ ਨਿਰਦੇਸ਼ ਦਿੱਤੇ ਗਏ ਸਨ।

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਪਰੇਸ਼ਾਨੀ ਜ਼ਿਆਦਾ ਵੱਧ ਗਈ ਹੈ। ਕਈ ਸੜਕਾਂ ਲੈਂਡਸਲਾਈਡ ਕਰਕੇ ਬੰਦ ਹਨ ਅਤੇ ਕਈ ਥਾਈਂ ਜਾਨੀ ਮਾਲੀ ਨੁਕਸਾਨ ਹੋਇਆ ਹੈ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਅਤੇ ਹੜ੍ਹ ਕਾਰਨ ਘੱਟੋ ਘੱਟੋ 25 ਲੋਕਾਂ ਦੀ ਜਾਨ ਚਲੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੈਂ ਹੁਕਮ ਦਿੱਤੇ ਹਨ ਕਿ ਜਿਹੜੇ ਰੋਡ ਬਲਾਕ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਖੋਲ੍ਹਿਆ ਜਾਵੇ ਅਤੇ ਪੂਰੇ ਮਾਨਸੂਨ ਦੌਰਾਨ 43 ਜਾਨਾਂ ਗਈਆਂ।

ਉਪਰੀ ਹਿਮਾਚਲ ਦੇ ਨਰਵਾ ਇਲਾਕੇ ਵਿੱਚ ਨਦੀ ਦੇ ਤੇਜ਼ ਬਹਾਅ ਵਿੱਚ 6 ਅਤੇ 9 ਸਾਲ ਦੇ ਦੋ ਬੱਚੇ ਰੁੜ ਗਏ। ਚੰਬਾ ਜ਼ਿਲ੍ਹੇ ਦੇ ਸਾਰੇ ਸਿੱਖਿਅਕ ਅਦਾਰੇ ਮੰਗਲਵਾਰ ਨੂੰ ਬੰਦ ਰਹਿਣਗੇ।

ਮੁੱਖ ਮੰਤਰੀ ਮੁਤਾਬਕ ਅੰਦਾਜ਼ਨ 574 ਕਰੋੜ ਦਾ ਨੁਕਸਾਨ ਹੋਇਆ ਹੈ। ਹਿਮਾਚਲ ਵਿੱਚ 800 ਸੜਕਾਂ ਲੈਂਡਸਲਾਈਡ ਕਾਰਨ ਬੰਦ ਹੋਏ ਹਨ।

ਲੈਂਡਸਲਾਈਡ ਕਰਕੇ ਚੰਡੀਗੜ੍ਹ-ਮਨਾਲੀ ਅਤੇ ਸ਼ਿਮਲਾ-ਕਿੰਨੌਰ ਹਾਈਵੇਅ ਬੰਦ ਹੋ ਗਏ ਸਨ।

ਪੋਂਗ ਡੈਮ, ਚਮੇਰਾ ਅਤੇ ਪੰਡੋਅ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਲਾਹੌਲ ਸਪਿਤੀ ਵਿੱਚ ਕਈ ਸੀਜ਼ਨ ਤੋਂ ਉਲਟ ਬਰਫਬਾਰੀ ਹੋਈ ਹੈ। ਇਸ ਇਲਾਕੇ ਵਿੱਚ ਤਕਰੀਬਨ 400 ਸੈਲਾਨੀ ਫਸੇ ਹੋਏ ਹਨ।

Leave a Reply

Your email address will not be published. Required fields are marked *