ਚਿਦੰਬਰਮ ਨੂੰ 26 ਅਗਸਤ ਤੱਕ ED ਗ੍ਰਿਫ਼ਤਾਰੀ ਤੋਂ ਛੋਟ

ਸੁਪਰੀਮ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ 26 ਅਗਸਤ ਤੱਕ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਗ੍ਰਿਫ਼ਤਾਰੀ ਤੋਂ ਛੋਟ ਦੇ ਦਿੱਤੀ ਹੈ। ਈਡੀ ਵੱਲੋਂ ਵੀ ਆਈਐੱਨਐਕਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਸੋਮਵਾਰ 26 ਅਗਸਤ ਲੂੰ ਹੋਵੇਗੀ।

ਸੀਬੀਆਈ ਨੂੰ ਮਿਲੀ ਚਿਦੰਬਰਮ ਦੀ ਹਿਰਾਸਤ ਦੀ ਮਿਆਦ ਵੀ 26 ਅਗਸਤ ਨੂੰ ਖ਼ਤਮ ਹੋ ਰਹੀ ਹੈ। ਸੁਪਰੀਮ ਕੋਰਟ 8ਚ ਸੀਬੀਆਈ ਤੇ ਈਡੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਣੀ ਤੈਅ ਹੈ। ਸੁਪਰੀਮ ਕੋਰਟ ਵੱਲੋਂ ਹੁਕਮ ਦੇਣ ਤੋਂ ਬਾਅਦ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਅਦਾਲਤ ਨੂੰ ਪੜ੍ਹਨ ਲਈ ਕੁਝ ਦਸਤਾਵੇਜ਼ ਦੇਣਾ ਚਾਹੁੰਦੇ ਸਨ; ਜਿਨ੍ਹਾਂ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਕੱਠਾ ਕੀਤਾ ਸੀ।

ਇਸ ਦਾ ਸ੍ਰੀ ਚਿਦੰਬਰਮ ਦੇ ਵਕੀਲਾਂ ਸ੍ਰੀ ਕਪਿਲ ਸਿੱਬਲ ਤੇ ਸ੍ਰੀ ਸਿੰਘਵੀ ਨੇ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਪਹਿਲਾਂ ਵੀ ਹਾਈ ਕੋਰਟ ਵਿੱਚ ਹੋ ਚੁੱਕਾ ਹੈ। ਸੁਪਰੀਮ ਕੋਰਟ ਨੇ ਉਹ ਦਸਤਾਵੇਜ਼ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਭ ਕੁਝ ਸੋਮਵਾਰ ਨੂੰ ਲਿਆ ਜਾਵੇਗਾ।

ED ਦੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਆਪਣੀ ਦਲੀਲ ਦਿੰਦਿਆਂ ਸ੍ਰੀ ਕਪਿਲ ਸਿੱਬਲ ਨੇ ਦਿੱਲੀ ਹਾਈ ਕੋਰਟ ਤੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਉੱਤੇ ਗੰਭੀਰ ਇਲਜ਼ਾਮ ਲਾਏ। ਸ੍ਰੀ ਸਿੱਬਲ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਵਿੱਚ ਜਦੋਂ ਬਹਿਸ ਖ਼ਤਮ ਹੋ ਗਈ ਸੀ, ਤਦ ਸਾਲਿਸਿਟਰ ਜਨਰਲ ਨੇ ਹਾਈ ਕੋਰਟ ਵਿੱਚ ਜਸਟਿਸ ਗੌੜ ਨੂੰ ਇੱਕ ਨੋਟ ਦਿੱਤਾ ਸੀ ਪਰ ਸਾਨੂੰ ਉਸ ਦਾ ਜਵਾਬ ਦੇਣ ਦਾ ਮੌਕਾ ਨਹੀਂ ਮਿਲਿਆ।

ਸ੍ਰੀ ਕਪਿਲ ਸਿੱਬਲ ਨੇ ਇਲਜ਼ਾਮ ਲਾਇਆ ਕਿ ਉਸੇ ਨੋਟ ਨੂੰ ਜਿਉਂ ਦਾ ਤਿਉਂ ਫ਼ੈਸਲੇ ਵਿੱਚ ਬਦਲ ਕੇ ਚਿਦੰਬਰਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ।

ਇਸ ਦੌਰਾਨ ਤੁਸ਼ਾਰ ਮਹਿਤਾ ਨੇ ਸ੍ਰੀ ਸਿੱਬਲ ਨੂੰ ਝੂਠੇ ਬਿਆਨ ਨਾ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬਹਿਸ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਕੋਈ ਨੋਟ ਨਹੀਂ ਦਿੱਤਾ ਸੀ।

Leave a Reply

Your email address will not be published. Required fields are marked *