ਲੁਧਿਆਣਾ ਆਟੋ ਉਦਯੋਗ ਦਾ ਕਾਰੋਬਾਰ ​​​​​​​30 ਫ਼ੀ ਸਦੀ ਘਟ ਗਿਆ

ਸਮੁੱਚੇ ਭਾਰਤ ਦਾ ਆਟੋ ਉਦਯੋਗ ਇਸ ਵੇਲੇ ਭਿਆਨਕ ਕਿਸਮ ਦੀ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ। ਸਭ ਨੂੰ ਘਾਟੇ ਪੈ ਰਹੇ ਹਨ। ਆਟੋ ਉਦਯੋਗ ਦੇ ਲਗਭਗ ਹਰੇਕ ਖੇਤਰ ਵਿੱਚ ਆਰਡਰ ਹੁਣ ਬਹੁਤ ਜ਼ਿਆਦਾ ਘਟ ਗਏ ਹਨ। ਲੁਧਿਆਣਾ ਦੇ ਆਟੋ ਪਾਰਟਸ ਉਦਯੋਗ ਦੀ ਸਾਲਾਨਾ ਟਰਨਓਵਰ 10,000 ਕਰੋੜ ਰੁਪਏ ਹੈ ਅਤੇ 30,000 ਵਰਕਰ ਇਸ ਨਾਲ ਜੁੜੇ ਹੋਏ ਹਨ।

ਲੁਧਿਆਣਾ ਦੇ ਆਟੋ ਉਦਯੋਗ ਦੀ ਹਾਲਤ ਇਸ ਵੇਲੇ ਇਹ ਹੈ ਕਿ ਕਿਸੇ ਵੀ ਵੇਲੇ ਵੱਡੀ ਗਿਣਤੀ ’ਚ ਕਾਮਿਆਂ ਨੂੰ ਜਵਾਬ ਮਿਲ ਸਕਦਾ ਹੈ। ਲੁਧਿਆਣਾ ’ਚ ਬਣੇ ਆਟੋ–ਪਾਰਟਸ ਟਾਟਾ ਮੋਟਰਜ਼, ਮਹਿੰਦਰਾ, ਮਰਸਿਡੀਜ਼ ਤੇ ਹੋਰ ਵੱਡੀਆਂ ਕੰਪਨੀਆਂ ਨੂੰ ਸਪਲਾਈ ਕੀਤੇ ਜਾਂਦੇ ਹਨ ਪਰ ਉਨ੍ਹਾਂ ਕੰਪਨੀਆਂ ਨੇ ਹੁਣ ਆਪਣੇ ਆਰਡਰ ਬਹੁਤ ਜ਼ਿਆਦਾ ਘਟਾ ਦਿੱਤਾ ਹੈ।

ਲੁਧਿਆਣਾ ਦੀਆਂ ਬਹੁਤੀਆਂ ਆਟੋ ਉਦਯੋਗਿਕ ਇਕਾਈਆਂ ਵਿੱਚ ਹੁਣ ਤੀਜੀ ਸ਼ਿਫ਼ਟ ਬੰਦ ਹੋ ਗਈ ਹੈ। ਇਸ ਤੋਂ ਇਲਾਵਾ ਕਾਮਿਆਂ ਨੂੰ ਓਵਰਟਾਈਮ ਭੱਤਾ ਦੇਣਾ ਵੀ ਬੰਦ ਕਰ ਦਿੱਤਾ ਗਿਆ ਹੈ।

ਜਮਸ਼ੇਦਪੁਰ ਤੇ ਲਖਨਊ ਸਥਿਤ ਵੱਡੇ ਟਰੱਕ ਨਿਰਮਾਤਾਵਾਂ ਨੂੰ ਸਪੇਅਰ ਪਾਰਟਸ ਅਤੇ ਟਰੱਕ ਦੀਆਂ ਸਸਪੈਨਸ਼ਨਾਂ ਸਪਲਾਈ ਕਰਨ ਵਾਲੀ ਕੰਪਨੀ ‘ਅਕਾਲ ਸਪ੍ਰਿੰਗਜ਼’ ਦੇ ਮਾਲਕ ਸੰਦੀਪ ਰਿਆਤ ਨੇ ਪੁਸ਼ਟੀ ਕੀਤੀ ਕਿ ਆਰਥਿਕ ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਇਹ ਹਾਲਾਤ ਬਣੇ ਹੋਏ ਹਨ ਕਿ ਕਾਮੇ ਰੱਖਦੇ ਹਾਂ, ਤਾਂ ਵੀ ਔਖੇ ਹਾਂ ਤੇ ਜੇ ਨਹੀਂ ਰੱਖਦੇ ਹਾਂ, ਤਦ ਵੀ। ਕੁਝ ਵੀ ਸਪੱਸ਼ਟ ਨਹੀਂ ਹੈ। ਕੰਮ ਕਰਨ ਦੇ ਘੰਟੇ ਘਟ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ 80 ਫ਼ੀ ਸਦੀ ਆਟੋ ਉਦਯੋਗ ਇਸ ਵੇਲੇ ਮੰਦੀ ਦੀ ਮਾਰ ਹੇਠ ਹੈ।

ਫ਼ੈਡਰੇਸ਼ਨ ਆੱਫ਼ ਪੰਜਾਬ ਸਮਾਲ ਇੰਡਸਟ੍ਰੀਅਲ ਐਸੋਸੀਏਸ਼ਨ (FOPSIA) ਦੇ ਪ੍ਰਧਾਨ ਬਾਦਿਸ਼ ਜਿੰਦਲ ਨੇ ਦੱਸਿਆ ਕਿ ਲੁਧਿਆਣਾ ’ਚ ਆਟੋ ਪਾਰਟਸ ਦਾ ਕੰਮ 30 ਫ਼ੀ ਸਦੀ ਘਟ ਗਿਆ ਹੈ। ਮੁਨਾਫ਼ਾ ਹੁਣ ਨੁਕਸਾਨ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਮਿਆਂ ਨੂੰ ਹਾਲੇ ਜਵਾਬ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਜੇ ਇਹ ਇੱਕ ਵਾਰ ਪੰਜਾਬ ਤੋਂ ਚਲੇ ਜਾਂਦੇ ਹਨ, ਤਾਂ ਫਿਰ ਛੇਤੀ ਕਿਤੇ ਦੋਬਾਰਾ ਲੱਭਦੇ ਨਹੀਂ।

ਸ੍ਰੀ ਜਿੰਦਲ ਨੇ ਕਿਹਾ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਭਾਵੇਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੁਝ ਆਸ ਬੰਨ੍ਹਾਈ ਹੈ ਪਰ ਉਹ ਕਾਫ਼ੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਟੋ ਪਾਰਟਸ ਉੱਪਰ ਲੱਗਣ ਵਾਲਾ 28 ਫ਼ੀ ਸਦੀ GST ਘਟਾ ਕੇ 18% ਕਰਨ ਤੋਂ ਨਾਕਾਮ ਰਹੀ ਹੈ।

Leave a Reply

Your email address will not be published. Required fields are marked *