ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਦਿਆਲੂਵਾਲਾ ਵਿਖੇ ਦਲਿਤ ਭਾਈਚਾਰੇ ਦਾ ਬਾਈਕਾਟ

ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਦਿਆਲੂਵਾਲਾ ਵਿਖੇ ਦਲਿਤ ਭਾਈਚਾਰੇ ਦਾ ਪਿੰਡ ਦੇ ਜਨਰਲ ਵਰਗ ਨਾਲ ਸਬੰਧਤ ਕੁਝ ਲੋਕਾਂ ਵਲੋਂ ਕੀਤੇ ਗਏ ਬਾਈਕਾਟ ਦਾ ਮਾਮਲਾ ਫ਼ਿਲਹਾਲ ਸੁਲਝ ਗਿਆ ਹੈ।

ਦੋ ਦਿਨ ਤੱਕ ਚੱਲੀ ਗਹਿਮਾ ਗਹਿਮੀ ਤੋਂ ਬਾਅਦ ਮੰਗਲਵਾਰ ਨੂੰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਹਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰ ਦਿੱਤਾ। ਜਨਰਲ ਵਰਗ ਨੇ ਦਲਿਤ ਭਾਈਚਾਰੇ ਦਾ ਬਾਈਕਾਟ ਦਾ ਸੱਦਾ ਵਾਪਸ ਲੈ ਲਿਆ।

ਅਸਲ ਵਿਚ ਐਤਵਾਰ ਨੂੰ ਇੱਕ ਮਾਮਲੇ ਨੂੰ ਲੈ ਕੇ ਜ਼ਿਮੀਦਾਰ ਭਾਈਚਾਰੇ ਨੇ ਦਲਿਤ ਭਾਈਚਾਰੇ ਦਾ ਬਾਈਕਾਟ ਕਰ ਦਿੱਤਾ ਸੀ। ਬਾਈਕਾਟ ਦਾ ਸੱਦਾ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਕੇ ਕੀਤਾ ਸੀ, ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ SC/ST ਕਾਨੂੰਨ ਤਹਿਤ ਜ਼ਿਮੀਦਾਰ ਵਰਗ ਦੇ ਕੁੱਝ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

ਮਾਨਸਾ ਦੇ ਐੱਸ ਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜ ਸਤੰਬਰ ਨੂੰ ਮੱਖਣ ਸਿੰਘ ਨਾਂ ਦੇ ਪਿੰਡ ਦਾ ਨੌਜਵਾਨ ਜਦੋਂ ਮੋਟਰ ਸਾਈਕਲ ਉੱਤੇ ਜਾ ਰਿਹਾ ਸੀ ਸੀ ਤਾਂ ਉਸ ਦੀ ਟੱਕਰ ਫ਼ਕੀਰਾ ਸਿੰਘ ਦੇ ਛੇ ਸਾਲਾ ਪੋਤੇ ਹਰਜੋਤ ਸਿੰਘ ਨਾਲ ਹੋ ਗਈ, ਜਿਸ ਵਿੱਚ ਉਸ ਦੀ ਲੱਤ ਟੁੱਟ ਗਈ।

ਪੁਲਿਸ ਮੁਤਾਬਕ ਪਿੰਡ ਵਾਸੀਆਂ ਨੇ ਆਪਸੀ ਸਮਝੌਤੇ ਰਾਹੀਂ ਬੱਚੇ ਦਾ ਇਲਾਜ ਕਰਵਾਉਣ ਦੀ ਗੱਲ ਆਖੀ ਅਤੇ ਇਸ ਤਹਿਤ ਇਲਾਜ ਸ਼ੁਰੂ ਵੀ ਹੋ ਗਿਆ।

ਕਹਾਣੀ ਉਦੋਂ ਉਲਝੀ ਜਦੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਹਾਦਸੇ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ, ਜਿਸ ਉੱਤੇ ਮੋਟਰ ਸਾਈਕਲ ਸਵਾਰ ਮੱਖਣ ਸਿੰਘ ਅਤੇ ਪਿੰਡ ਵਾਲਿਆਂ ਨੇ ਇਤਰਾਜ਼ ਪ੍ਰਗਟਾਇਆ।

ਇਸ ਗੱਲ ਤੋਂ ਗ਼ੁੱਸੇ ਹੋ ਕੇ ਜ਼ਿਮੀਂਦਾਰ ਵਰਗ ਇਲਾਜ ਵਿਚਾਲੇ ਛੱਡ ਕੇ ਪਿੰਡ ਆ ਗਏ ਅਤੇ ਇਕੱਠੇ ਹੋ ਕੇ ਪੂਰੇ ਦਲਿਤ ਭਾਈਚਾਰੇ ਦੇ ਬਾਈਕਾਟ ਦਾ ਸੱਦਾ ਦੇ ਦਿੱਤਾ।

ਜ਼ਿਮੀਦਾਰ ਵਰਗ ਦਾ ਕਹਿਣ ਸੀ ਕਿ ਜਦੋਂ ਬੱਚੇ ਦੇ ਇਲਾਜ ਦਾ ਸਮਝੌਤਾ ਹੋ ਚੁੱਕਾ ਸੀ ਤਾਂ ਪੁਲਿਸ ਕੋਲ ਜਾਣ ਦਾ ਕੋਈ ਮਤਲਬ ਨਹੀਂ ਸੀ ਅਤੇ ਇਸੇ ਗੱਲ ਤੋਂ ਗ਼ੁੱਸਾ ਖਾ ਕੇ ਪਿੰਡ ਦੇ ਜ਼ਿਮੀਂਦਾਰ ਵਰਗ ਨੇ ਦਲਿਤਾਂ ਦੇ ਬਾਈਕਾਟ ਦਾ ਸੱਦਾ ਦੇ ਦਿੱਤਾ।

ਸਮਝੌਤੇ ਤੋਂ ਪਹਿਲਾਂ ਦਲਿਤ ਵਰਗ ਦੀ ਦਲੀਲ

‘ਝਗੜਾ ਤਾਂ ਦੋ ਪਰਿਵਾਰਾਂ ਦਾ ਹੈ ਪਰ ਬਾਈਕਾਟ ਪਿੰਡ ਦੇ ਸਾਰੇ ਦਲਿਤ ਭਾਈਚਾਰੇ ਦਾ ਕਿਉਂ” ਇਹ ਸਵਾਲ ਹੈ, ਬਜ਼ੁਰਗ ਸਾਲਾ ਗੁਰਮੇਲ ਕੌਰ ਦਾ ਸੀ।

ਪਿੰਡ ਦੀ ਰਵੀਦਾਸ ਧਰਮਸ਼ਾਲਾ ਵਿੱਚ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਬੈਠੀ ਗੁਰਮੇਲ ਕੌਰ ਆਖਦੀ ਹੈ ਅਸੀਂ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਨਹੀਂ ਜਾ ਸਕਦੀਆਂ, ਅਸੀਂ ਉਨ੍ਹਾਂ ਦੀਆਂ ਦੁਕਾਨਾਂ ਉੱਤੇ ਨਹੀਂ ਜਾ ਸਕਦੀਆਂ,ਸਾਨੂੰ ਦੁੱਧ ਨਹੀਂ ਦਿੱਤਾ ਜਾ ਰਿਹਾ, ਦੱਸੋ ਅਸੀਂ ਕੀ ਗੁਨਾਹ ਕੀਤਾ ਹੈ। ਉਨ੍ਹਾਂ ਆਖਿਆ ਕਿ ਅੱਗੇ ਵੀ ਕਈ ਵਾਰ ਉਨ੍ਹਾਂ ਦਾ ਬਾਈਕਾਟ ਹੋ ਚੁੱਕਾ ਹੈ।

ਉਨ੍ਹਾਂ ਦੱਸਿਆ, ”ਮੈਨੂੰ ਪਿੰਡ ਵਿੱਚ ਵਿਆਹ ਕੇ ਆਈ ਨੂੰ ਤੀਹ ਸਾਲ ਹੋ ਗਏ ਹਨ ਪਤਾ ਨਹੀਂ ਕਿੰਨੀ ਵਾਰ ਮੈਂ ਅਜਿਹੇ ਬਾਈਕਾਟ ਦੇਖ ਚੁੱਕੀ ਹਾਂ”।

ਹਾਦਸੇ ਦਾ ਸ਼ਿਕਾਰ ਹੋਏ ਬੱਚੇ ਦੀ ਦਾਦੀ ਪਰਮਜੀਤ ਕੌਰ ਨੇ ਦੱਸਿਆ, ”ਪੰਜ ਸਤੰਬਰ ਨੂੰ ਉਸ ਦੇ ਪੋਤੇ ਦਾ ਗਲੀ ਵਿੱਚ ਖੇਡਦੇ ਹੋਏ ਪਿੰਡ ਦੇ ਹੀ ਮੋਟਰਸਾਈਕਲ ਸਵਾਰ ਨਾਲ ਐਕਸੀਡੈਂਟ ਹੋ ਗਿਆ, ਜਿਸ ਤੋਂ ਮੋਟਰਸਾਈਕਲ ਸਵਾਰ ਪਿੰਡ ਦੇ ਹੋਰ ਬੰਦਿਆਂ ਨੂੰ ਲੈ ਕੇ ਬੱਚੇ ਨੂੰ ਪਹਿਲਾਂ ਨੇੜਲੇ ਹਸਪਤਾਲ ਲੈ ਗਿਆ ਅਤੇ ਫਿਰ ਬੱਚੇ ਦੀ ਸਥਿਤੀ ਖ਼ਰਾਬ ਹੋਣ ਕਾਰਨ ਉਹ ਪਟਿਆਲਾ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ”।

ਦਾਦੀ ਨੇ ਦੱਸਿਆ ਇੱਥੋਂ ਤੱਕ ਸਭ ਕੁੱਝ ਠੀਕ ਸੀ ਅਤੇ ਇਲਾਜ ਦੇ ਲਈ ਕੁਝ ਪੈਸੇ ਵੀ ਪਿੰਡ ਵਾਸੀਆਂ ਵੱਲੋਂ ਖ਼ਰਚ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਐਕਸੀਡੈਂਟ ਦਾ ਕੇਸ ਦਰਜ ਹੋਣ ਤੋਂ ਬਾਅਦ ਸਾਰਾ ਮਾਮਲਾ ਉਲਝ ਗਿਆ। ਉਨ੍ਹਾਂ ਦੱਸਿਆ ਕੀ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਹ ਇਸ ਸਮੇਂ ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਆਖਿਆ ਕਿ ਉਹ ਗ਼ਰੀਬ ਹਨ ਮਿਹਨਤ ਮਜ਼ਦੂਰੀ ਕਰਕੇ ਬੱਚੇ ਪਾਲਦੇ ਹਨ।

ਸਮਝੌਤੇ ਤੋਂ ਬਾਅਦ ਦੀ ਸਥਿਤੀ

ਪਿੰਡ ਖੀਵਾ ਦਿਆਲੂਵਾਲਾ ਵਿਖੇ ਦੋ ਦਿਨ ਤਕ ਦਲਿਤਾਂ ਭਾਈਚਾਰੇ ਦੇ ਬਾਈਕਾਟ ਤੋਂ ਬਾਅਦ ਸਥਿਤੀ ਕਾਫ਼ੀ ਗਰਮ ਸੀ। ਇਲਾਕੇ ਦੇ ਐੱਸਪੀ ਅਤੇ ਪੁਲਿਸ ਭਾਰੀ ਗਿਣਤੀ ਵਿੱਚ ਦਲਿਤ ਭਾਈਚਾਰੇ ਅਤੇ ਜ਼ਿਮੀਦਾਰ ਭਾਈਚਾਰੇ ਵਾਲੇ ਪਾਸੇ ਤੈਨਾਤ ਕੀਤੀ ਗਈ ਸੀ।

ਮੰਗਲਵਾਰ ਨੂੰ ਕਰੀਬ 1 ਵਜੇ ਪੁਲਿਸ ਨੇ ਫਿਰ ਤੋਂ ਦੋਹਾਂ ਧਿਰਾਂ ਨੂੰ ਬੁਲਾਇਆ ਅਤੇ ਸਮਝੌਤਾ ਕਰਵਾ ਦਿੱਤਾ। ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੋ ਵੀ ਗਿਲੇ ਸ਼ਿਕਵੇ ਸਨ ਉਹ ਦੂਰ ਕਰ ਦਿੱਤੇ ਗਏ ਹਨ ਅਤੇ ਹੁਣ ਸਥਿਤੀ ਪਿੰਡ ਵਿੱਚ ਆਮ ਵਾਂਗ ਹੈ। ਉਨ੍ਹਾਂ ਆਖਿਆ ਕਿ ਬਾਈਕਾਟ ਦਾ ਸੱਦਾ ਵੀ ਵਾਪਸ ਲੈ ਗਿਆ।

ਮਾਮਲਾ ਸ਼ਾਂਤ ਹੋਣ ਤੋਂ ਬਾਅਦ ਫਿਰ ਤੋਂ ਦਲਿਤ ਭਾਈਚਾਰੇ ਨਾਲ ਗੱਲ ਕੀਤੀ ਗਈ । ਜਿਨ੍ਹਾਂ ਚਿਹਰਿਆਂ ਉੱਤੇ ਮੰਗਲਵਾਰ ਸਵੇਰ ਤੱਕ ਚਿੰਤਾ ਅਤੇ ਤਣਾਅ ਸੀ ਉਨ੍ਹਾਂ ਉੱਤੇ ਹੁਣ ਰਾਹਤ ਦੇਖਣ ਨੂੰ ਮਿਲ ਰਹੀ ਸੀ। ਇਸ ਪੂਰੇ ਮਾਮਲੇ ਵਿੱਚ ਪਿੰਡ ਦੇ ਦਲਿਤਾਂ ਦਾ ਸਾਥ ਦਿੱਤਾ ਪੰਜਾਬ ਕ੍ਰਾਂਤੀਕਾਰ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਦਿੱਤਾ।

ਯੂਨੀਅਨ ਦੇ ਸੂਬਾ ਸਕੱਤਰ ਲਖਬੀਰ ਲੌਂਗੋਵਾਲ ਨੇ ਦੱਸਿਆ ਇਹ ਮਾਮਲਾ ਸੁਲਝਾ ਲਿਆ ਗਿਆ ਅਤੇ ਪਿੰਡ ਦੀਆਂ ਜਿਹੜੀਆਂ ਦੁਕਾਨਾਂ ਉੱਤੇ ਦਲਿਤਾਂ ਨੂੰ ਸਮਾਨ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਉਹ ਹੁਣ ਨਹੀਂ ਹੈ।

ਉਨ੍ਹਾਂ ਆਖਿਆ ਕਿ ਪੂਰਾ ਪਿੰਡ ਹੁਣ ਇੱਕ ਹੈ। ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਨੌਜਵਾਨ ਸੁਖਚੈਨ ਸਿੰਘ ਨੇ ਖ਼ੁਸ਼ੀ ਵਿੱਚ ਦੱਸਿਆ ਕਿ ਹੁਣ ਪ੍ਰਸ਼ਾਸਨ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਅਤੇ ਸਾਨੂੰ ਉਮੀਦ ਵੀ ਹੈ ਕਿ ਸਾਡੇ ਨਾਲ ਕੋਈ ਧੱਕਾ ਨਹੀਂ ਹੋਵੇਗਾ।

ਸਰਪੰਚ ਦੀ ਦਲੀਲ

ਪਿੰਡ ਵਿੱਚ ਸਰਪੰਚੀ ਦੀ ਚੋਣਾਂ ਸਮੇਂ ਬਲਜੀਤ ਕੌਰ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ ਸੀ। ਪਰ ਬਲਜੀਤ ਕੌਰ ਦੀ ਥਾਂ ਉਸ ਦਾ ਮੁੰਡਾ ਘੂਦਰ ਸਿੰਘ ਹੀ ਸਾਰਾ ਕੰਮਕਾਜ ਦੇਖਦਾ ਹੈ। ਪਿੰਡ ਦੇ ਇਸ ਮਾਮਲੇ ਨੂੰ ਵੀ ਸੁਲਝਾਉਣ ਵਿੱਚ ਘੂਦਰ ਸਿੰਘ ਹੀ ਅੱਗੇ ਰਿਹਾ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਘੂਦਰ ਸਿੰਘ ਨੇ ਆਖਿਆ ਕਿ ਜਨਰਲ ਵਰਗ ਵੱਲੋਂ ਦਲਿਤ ਭਾਈਚਾਰੇ ਦੇ ਕੀਤੇ ਗਏ ਬਾਈਕਾਟ ਦਾ ਮਾਮਲਾ ਖ਼ਤਮ ਹੋ ਗਿਆ ਅਤੇ ਪੂਰਾ ਪਿੰਡ ਇੱਕ ਹੈ।

ਸੋਸ਼ਲ ਮੀਡੀਆ ਉੱਤੇ ਪਿੰਡ ਵਾਸੀਆਂ ਦਾ ਗ਼ੁੱਸਾ

ਅਸਲ ਵਿੱਚ ਇਸ ਪਿੰਡ ‘ਚ ਬਾਈਕਾਟ ਦੀ ਜੋ ਵੀਡੀਓ ਬਣੀ ਸੀ ਉਹ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈ।

ਇਸ ਵੀਡੀਓ ਦੇ ਫੇਸਬੁੱਕ ਉੱਤੇ ਅਪਲੋਡ ਹੋਣ ਤੋ ਬਾਅਦ ਇਸ ਉੱਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ, ਜਿਸ ਉੱਤੇ ਵੀ ਪਿੰਡ ਵਾਸੀਆਂ ਨੂੰ ਇਤਰਾਜ਼ ਸੀ। ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਸਾਰੇ ਸਿਆਪੇ ਦੀ ਜੜ੍ਹ ਇਹ ਮੋਬਾਈਲ ਹਨ ਜਿਸ ਰਾਹੀਂ ਘਟਨਾ ਨੂੰ ਗ਼ਲਤ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ।

ਕੀ ਸੀ ਵੀਡੀਓ ਵਿੱਚ

ਜੋ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਉਸ ਵਿੱਚ ਇਹ ਸੁਣਾਈ ਦੇ ਰਿਹਾ ਹੈ ਕਿ ਦਲਿਤ ਭਾਈਚਾਰੇ ਦਾ ਪੂਰਨ ਤੌਰ ਉੱਤੇ ਬਾਈਕਾਟ ਕੀਤਾ ਜਾਵੇ, ਇਸ ਵੀਡੀਓ ਵਿੱਚ ਪਿੰਡ ਦੀ ਪੰਚਾਇਤ ਦੇ ਕੁੱਝ ਮੈਂਬਰ ਵੀ ਦਿਖਾਈ ਦੇ ਰਹੇ ਸਨ।

ਬਾਅਦ ਵਿੱਚ ਬਾਈਕਾਟ ਦੇ ਸੱਦੇ ਦੀ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਗ੍ਰੰਥੀ ਤੋਂ ਅਨਾਊਂਸਮੈਂਟ ਵੀ ਕਰਵਾਈ ਗਈ ਇਸ ਦੀ ਵੀਡੀਓ ਵਾਇਰਲ ਹੋ ਗਈ, ਜਿਸ ਵਿੱਚ ਆਖਿਆ ਜਾ ਰਿਹਾ ਸੀ ਕਿ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਦਾਖਲ ਹੋਣ ਉੱਤੇ ਦਲਿਤ ਭਾਈਚਾਰੇ ਦੀ ਮਨਾਹੀ ਹੈ।

ਪਿੰਡ ਦੀ ਮੌਜੂਦਾ ਸਥਿਤੀ

ਕਰੀਬ 300 ਪਰਿਵਾਰਾਂ ਵਾਲੇ ਇਸ ਪਿੰਡ ਵਿੱਚ 60 ਘਰ ਦਲਿਤ ਭਾਈਚਾਰੇ ਦੇ ਹਨ। ਜਿਵੇਂ ਹੀ ਸਮਝੌਤਾ ਹੋਇਆ ਤਾਂ ਪਿੰਡ ਵਿੱਚ ਤਣਾਅ ਬਿਲਕੁਲ ਖ਼ਤਮ ਹੋ ਗਿਆ।

ਸੋਮਵਾਰ ਤੱਕ ਪਿੰਡ ਦੀ ਜਿਸ ਫਿਰਨੀ ਉੱਤੇ ਇਸ ਗੱਲ ਦੀ ਚਰਚਾ ਸੀ ਉੱਥੇ ਚੁੱਪ ਅਤੇ ਸ਼ਾਂਤੀ ਦਿਖਾਈ ਦੇ ਰਹੀ ਸੀ। ਪਿੰਡ ਵਾਸੀਆਂ ਦੇ ਨਾਲ ਨਾਲ ਪੁਲਿਸ ਵੀ ਖ਼ੁਸ਼ ਦਿਖਾਈ ਦੇ ਰਹੀ ਸੀ ਕਿਉਂਕਿ ਸੋਮਵਾਰ ਸ਼ਾਮ ਤੋਂ ਹੀ ਉਹ ਪਿੰਡ ਵਿੱਚ ਤਾਇਨਾਤ ਸਨ ਅਤੇ ਡਿਊਟੀ ਖ਼ਤਮ ਹੋਣ ਦੀ ਖ਼ੁਸ਼ੀ ਉਨ੍ਹਾਂ ਦੇ ਚਿਹਰਿਆਂ ਉੱਤੇ ਸਾਫ਼ ਝਲਕਦੀ ਸੀ।

ਦਲਿਤ ਭਾਈਚਾਰਾ ਸੀ, ਜਿਸ ਨੂੰ ਮਾਲਵੇ ਦੀ ਭਾਸ਼ਾ ਵਿੱਚ ਵਿਹੜੇ ਵਾਲੇ ਆਖਿਆ ਜਾਂਦਾ ਹੈ, ਵਰਗ ਵਿਚ ਸਭ ਚੀਜ਼ਾਂ ਸਮਾਨ ਦਿਖਾਈ ਦੇ ਰਹੀਆਂ ਸਨ ,ਇਹ ਲੱਗ ਹੀ ਨਹੀਂ ਸੀ ਕਿ ਕੁੱਝ ਸਮਾਂ ਪਹਿਲਾਂ ਇੱਥੇ ਤਣਾਅ ਮਈ ਮਾਹੌਲ ਸੀ।

Leave a Reply

Your email address will not be published. Required fields are marked *