ਤਾਲਿਬਾਨ ਦੇ ਹਮਲੇ ’ਚ ਅਫ਼ਗਾਨਿਸਤਾਨ ‘ਚ ਹਸਪਤਾਲ ਨੂੰ ਨੁਕਸਾਨ ਕਈ ਮੌਤਾਂ

ਦੱਖਣੀ ਅਫ਼ਗਾਨਿਸਤਾਨ ਦੇ ਇੱਕ ਹਸਪਤਾਲ ਦੇ ਬਾਹਰ ਤਾਲਿਬਾਨ ਅੱਤਵਾਦੀਆਂ ਵੱਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰੇ ਟਰੱਕ ਨੂੰ ਧਮਾਕੇ ਨਾਲ ਉਡਾਉਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕਲਾਤ ਸ਼ਹਿਰ ਵਿੱਚ ਹੋਏ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਡਾਕਟਰ ਅਤੇ ਮਰੀਜ਼ ਸਨ।

ਤਾਲਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਸਰਕਾਰੀ ਇੰਟੈਲੀਜੈਂਸ ਦਫ਼ਤਰ ਸੀ ਜੋ ਕਿ ਹਸਪਤਾਲ ਦੇ ਬਿਲਕੁਲ ਨਾਲ ਹੈ।

ਸ਼ਾਂਤੀ ਵਾਰਤਾ ਵਿਚਾਲੇ ਤੇ ਕੌਮੀ ਚੋਣਾਂ ਦੇ ਮੱਦੇਨਜ਼ਰ ਗਰੁੱਪ ਵੱਲੋਂ ਤਕਰੀਬਨ ਰੋਜ਼ਾਨਾ ਹਮਲੇ ਕੀਤੇ ਜਾ ਰਹੇ ਹਨ।

ਮੰਗਲਵਾਰ ਨੂੰ ਤਾਲਿਬਾਨ ਨੇ ਇੱਕ ਚੋਣ ਰੈਲੀ ਨੂੰ ਨਿਸ਼ਾਨਾ ਬਣਾਇਆ ਜਿੱਥੇ ਰਾਸ਼ਟਰਪਤੀ ਅਸ਼ਰਫ਼ ਘਾਨੀ ਨੇ ਸੰਬੋਧਨ ਕਰਨਾ ਸੀ। ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਬੁਲ ਵਿੱਚ 6 ਸਤੰਬਰ ਨੂੰ ਇੱਕ ਤਾਲਿਬਾਨੀ ਹਮਲੇ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਅਮਰੀਕੀ ਜਵਾਨ ਅਤੇ 11 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦਾ ਮਕਸਦ ਸ਼ਾਂਤੀ ਵਾਰਤਾ ’ਚੋਂ ਹੱਥ ਪਿੱਛੇ ਖਿੱਚਣਾ ਸੀ ਜਿਸ ਦਾ ਉਦੇਸ਼ 18 ਸਾਲਾਂ ਦੇ ਟਕਰਾਅ ਨੂੰ ਖ਼ਤਮ ਕਰਨਾ ਸੀ।

ਵੀਰਵਾਰ ਸਵੇਰੇ ਜ਼ਾਬੁਲ ਵਿੱਚ ਹੋਏ ਹਮਲੇ ਵਿੱਚ ਕਿੰਨੇ ਲੋਕ ਮਾਰੇ ਗਏ ਇਸ ਬਾਰੇ ਹਾਲੇ ਸਪਸ਼ਟੀਕਰਨ ਨਹੀਂ ਮਿਲ ਸਕਿਆ ਹੈ। ਬਚਾਅ ਕਾਰਜ ਟੀਮਾਂ ਮਲਬੇ ਹੇਠ ਦੱਬੀਆਂ ਲਾਸ਼ਾਂ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਪ੍ਰਤੱਖਦਰਸ਼ੀਆਂ ਮੁਤਾਬਕ ਮਲਬੇ ਹੇਠ ਔਰਤਾਂ ਤੇ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ।

‘ਭਿਆਨਕ ਹਮਲਾ’

ਖ਼ਬਰ ਏਜੰਸੀ ਏਐਫ਼ਪੀ ਨਾਲ ਗੱਲਬਾਤ ਦੌਰਾਨ ਆਤਿਫ਼ ਬਲੋਚ ਨੇ ਕਿਹਾ, “ਇਹ ਬਹੁਤ ਭਿਆਨਕ ਸੀ।”

ਰੱਖਿਆ ਮੰਤਰਾਲੇ ਦੇ ਇੱਕ ਸੀਨੀਅਰ ਅਫ਼ਸਰ ਨੇ ਰਾਇਟਰਜ਼ ਨੂੰ ਦੱਸਿਆ ਕਿ ‘ਇੱਕ ਛੋਟੇ ਟਰੱਕ’ ਵਿੱਚ ਵੱਡਾ ‘ਬੰਬ’ ਲਿਆਂਦਾ ਗਿਆ ਸੀ।ਇੱਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਅਗਸਤ ਮਹੀਨੇ ਵਿੱਚ ਅਫ਼ਗਾਨਿਸਤਾਨ ਵਿੱਚ ਤਕਰੀਬਨ 473 ਨਾਗਰਿਕ ਮਾਰੇ ਗਏ।

ਹਾਲਾਂਕਿ ਤਾਲਿਬਾਨ ਨੇ ਕਿਸੇ ਵੀ ਨਾਗਰਿਕ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਹਫ਼ਤੇ  ਤਾਲਿਬਾਨ ਦੇ ਮੁੱਖ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਨੇ ਵਿਦੇਸ਼ੀ ਲੜਾਕਿਆਂ ਨੂੰ ਆਮ ਨਾਗਰਿਕਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ।

Leave a Reply

Your email address will not be published. Required fields are marked *