ਪੰਜਾਬੀ ਦੇ ਰਾਖਿਆਂ ਨੇ ਕੇ ਐੱਸ ਮੱਖਣ ਦੇ ਕਕਾਰ ਵੀ ਲੁਹਾਤੇ

ਹਾਲ ਹੀ ਵਿੱਚ ਗੁਰਦਾਸ ਮਾਨ ਦੀ ਹਮਾਇਤ ਕਰਨ ਕਾਰਨ ਫਿਰ ਸੁਰਖ਼ੀਆਂ ਵਿੱਚ ਆਏ ਗਾਇਕ ਕੇ ਐੱਸ ਮੱਖਣ ਨੇ ਆਪਣੀ ਫੇਸਬੁੱਕ ਆਈਡੀ ਤੋਂ ਲਾਈਵ ਹੋ ਕੇ ਆਪਣੇ ਪੰਜ ਕਕਾਰਾਂ ਨੂੰ ਤਿਆਗਣ ਦੀ ਗੱਲ ਆਖੀ ਹੈ।

ਗੁਰਦਾਸ ਮਾਨ ਹਾਲ ਹੀ ਵਿੱਚ ਵਿਵਾਦਾਂ ਵਿੱਚ ਉਦੋਂ ਆਏ ਜਦੋਂ ਉਨ੍ਹਾਂ ਨੇ ਪੂਰੇ ਦੇਸ ਲਈ ‘ਹਿੰਦੁਸਤਾਨੀ’ ਦੀ ਵਕਾਲਤ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਦੇ ਇੱਕ ਪ੍ਰੋਗਰਾਮ ਵਿੱਚ ਜਦੋਂ ਉਨ੍ਹਾਂ ਦਾ ਵਿਰੋਧ ਹੋਇਆ ਤਾਂ ਉਨ੍ਹਾਂ ਨੇ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ ਸੀ ਜਿਸ ਬਾਰੇ ਉਨ੍ਹਾਂ ਨੇ ਭਾਰਤ ਆ ਕੇ ਕਿਹਾ ਸੀ, “ਜੋ ਗਰਮਾ-ਗਰਮੀ ਵਿੱਚ ਗੱਲ ਹੋ ਗਈ ਉਸ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ।”

ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਕੁਝ ਪ੍ਰਚਾਰਕਾਂ ਨੇ ਉਨ੍ਹਾਂ ਲਈ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਬੜਾ ਸੋਚ ਸਮਝ ਕੇ ਲਿਆ ਹੈ।

ਕੇਐੱਸ ਇੱਕ ਪੰਜਾਬੀ ਗਾਇਕ ਹਨ ਅਤੇ ਸਾਲ 2014 ਵਿੱਚ ਉਹ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।

ਉਨ੍ਹਾਂ ਨੇ ਆਨੰਦਪੁਰ ਸਾਹਿਬ ਹਲਕੇ ਤੋਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਵੀ ਲੜੀਆਂ ਸਨ।

ਇਸ ਪੂਰੇ ਮਸਲੇ ਬਾਰੇ  ਕੇਐੱਸ ਮੱਖਣ  ਨੇ ਕਿਹਾ, “ਮੈਂ ਜਦੋਂ ਵੀ ਕੋਈ ਗੱਲ ਕਰਦਾ ਹਾਂ ਤਾਂ ਕੁਝ ਸਿੱਖ ਪ੍ਰਚਾਰਕ ਸਵਾਲ ਖੜ੍ਹੇ ਕਰ ਦਿੰਦੇ ਹਨ ਤੇ ਉਸ ਨੂੰ ਸਿੱਖੀ ਨਾਲ ਜੋੜ ਦਿੰਦੇ ਹਨ।”

“ਉਨ੍ਹਾਂ ਨੇ ਮੈਨੂੰ ‘ਭੇਖੀ’ ਤੱਕ ਕਹਿ ਦਿੱਤਾ ਅਤੇ ਕਿਹਾ ਕਿ ਇਹ ‘ਏਜੰਸੀਆਂ’ ਦੇ ਬੰਦੇ ਹਨ। ਜੇ ਕੁਝ ਗ਼ਲਤ ਕਿਹਾ ਗਿਆ ਹੋਵੇ ਤਾਂ ਸਾਡੀ ਵੀ ਸੁਣਵਾਈ ਹੋਣੀ ਚਾਹੀਦੇ ਹੈ, ਸਾਨੂੰ ਪੁੱਛੇ ਬਿਨਾਂ ਹੀ ਸਾਡੇ ਬਾਰੇ ਰਾਇ ਕਾਇਮ ਕਰ ਲਈ ਜਾਂਦੀ ਹੈ।”

“ਸਾਨੂੰ ਕੁਝ ਪਤਾ ਨਹੀਂ ਹੁੰਦਾ ਸਟੇਜ ‘ਤੇ ਕਿੰਨੇ, ਕਦੋਂ ਕੀ ਕਹਿ ਦੇਣਾ ਤੇ ਅਸੀਂ ਕੁਝ ਕਹੀਏ ਤਾਂ ਸਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਲੋਕਾਂ ਨੇ ਬਣਾਇਆ, ਹਾਂ ਇਹ ਸੱਚ ਹੈ ਕਿ ਸਾਨੂੰ ਲੋਕਾਂ ਨੇ ਬਣਾਇਆ ਹੈ ਪਰ ਹਾਂ ਤੇ ਅਸੀਂ ਵੀ ਇਨਸਾਨ ਹੀ। ਸਾਡੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਕਿਤੇ।”

ਉਨ੍ਹਾਂ ਨੇ ਕਿਹਾ, “ਮੇਰੇ ਨਾਲ ਪਿਛਲੇ ਇੱਕ ਮਹੀਨੇ ਤੋਂ ਇਹੀ ਕੁਝ ਹੋ ਰਿਹਾ ਸੀ। ਮੈਂ ਬੜੀ ਸੋਚ ਸਮਝ ਕੇ ਅਤੇ ਨਿਮਰਤਾ ਨਾਲ ਆਪਣੇ ਕਕਾਰ ਆਪਣੇ ਘਰੇ ਗੁਰੂ ਚਰਨਾਂ ‘ਚ ਭੇਟ ਕਰਨ ਦਾ ਫ਼ੈਸਲਾ ਲਿਆ। ਮੈਂ ਪਹਿਲਾਂ ਵੀ ਸਿੱਖ ਸੀ ਤੇ ਅੱਜ ਵੀ ਸਿੱਖ ਹਾਂ।

“ਮੇਰੇ ਇਕੱਲੇ ਕਕਾਰ ਲਾਹੁਣ ਨਾਲ ਸਿੱਖੀ ਖ਼ਤਮ ਨਹੀਂ ਹੁੰਦੀ ਪਰ ਮੈਂ ਆਪਣੇ ਆਪ ਨੂੰ ਭੇਖੀ ਆਖਵਾ ਕੇ ਕਕਾਰਾਂ ਦੀ ਬੇਅਦਬੀ ਨਹੀਂ ਕਰਵਾ ਸਕਦਾ ਸੀ। ਅਜਿਹਾ ਕਰਨ ਨਾਲ ਹੋ ਸਕਦਾ ਮੇਰਾ ਭੇਖਪੁਣਾ ਲਹਿ ਗਿਆ, ਨਾਲੇ ਸਿੱਖ, ਸਿੱਖ ਨਾਲ ਲੜਦਾ ਚੰਗਾ ਨਹੀਂ ਲਗਦਾ।”

“ਮੈਂ ਯੂਥ ਨਾਲ ਰਹਿੰਦਾ ਹਾਂ, ਮੈਂ ਫਿਟਨੈਸ ਨਾਲ ਜੁੜਿਆ ਹਾਂ, ਮੇਰੀ ਜ਼ਿੰਦਗੀ ਹੀ ਵੱਖ ਹੈ, ਨਿਤਨੇਮ ਕਰਦਾ ਹਾਂ ਤੇ ਉਹ ਆਪਣੇ ਆਪ ਲਈ ਕਰਦਾ ਹਾਂ, ਕਿਸੇ ਨੂੰ ਦਿਖਾਉਣ ਲਈ ਜਾਂ ਕਿਸੇ ਹੋਰ ਲਈ ਨਹੀਂ ਕਰਦਾ। ਮੇਰੇ ਨਾਲ ਕੋਈ ਵਿਦਵਾਨ ਕੋਈ ਸੂਝਵਾਨ ਆ ਕੇ ਗੱਲ ਕਰਦਾ ਤੇ ਮੈਨੂੰ ਮੇਰੀ ਗ਼ਲਤੀ ਦੱਸਦਾ ਤਾਂ ਮੈਂ ਆਪਣੀ ਗ਼ਲਤੀ ਦੀ ਮੁਆਫ਼ੀ ਮੰਗਦਾ ਹਾਂ।”

ਜਦੋਂ ਉਨ੍ਹਾਂ ਦੇ ਇਸ ਫੈਸਲੇ ’ਤੇ ਸਿਖਾਂ ਦੀਆਂ ਭਾਵਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਬਿਲਕੁਲ ਢਾਹ ਲੱਗੀ ਹੋਵੇਗੀ, ਮੈਂ ਮੰਨਦਾ ਹਾਂ ਇਸ ਗੱਲ ਨੂੰ ਪਰ ਇਹ ਤਾਂ ਸਾਡੇ ਮੋਹਰੀ ਪ੍ਰਚਾਰਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਪੰਥ ਲਈ ਕੀ ਗ਼ਲਤ ਹੈ ਤੇ ਕੀ ਸਹੀ।”

“ਅੱਜ ਨੌਜਵਾਨ ਨੂੰ ਪਿਆਰ ਨਾਲ ਸਮਝਾ ਕੇ ਹੀ ਰਸਤੇ ’ਤੇ ਲਿਆਇਆ ਜਾ ਸਕਦਾ ਹੈ।”

Leave a Reply

Your email address will not be published. Required fields are marked *