ਭਾਰਤੀ ਦੂਤਾਵਾਸ ਅੱਗੇ ਹਿੰਸਕ ਮੁਜ਼ਾਹਰਿਆਂ ਤੇ ਕੌਣ ਲਵੇਗਾ ਰੋਕ

ਬਰਤਾਨੀਆ ਦੀ ਪਾਰਲੀਮੈਂਟ ਵਿੱਚ ਦੀਵਾਲੀ ਵਾਲੇ ਦਿਨ ਲੰਡਨ ਵਿੱਚ ਪ੍ਰਸਤਾਵਿਤ ਭਾਰਤ-ਵਿਰੋਧੀ ਪ੍ਰਦਰਸ਼ਨ ਦਾ ਮੁੱਦਾ ਚੁੱਕਿਆ ਗਿਆ ਹੈ।

ਕੰਜ਼ਰਵੇਟਿਵ ਐੱਮਪੀ ਬੌਬ ਬਲੈਕਮੈਨ ਨੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੂੰ ਪੁੱਛਿਆ, “ਸਪੀਕਰ ਸਾਹਿਬ ਅਸੀਂ ਇਸ ਸਦਨ ਵਿੱਚ ਸ਼ਾਂਤਮਈ ਪ੍ਰਦਰਸ਼ਨ ਦੀ ਹਮਾਇਤ ਕਰਦੇ ਹਾਂ। ਪਰ ਕੁਝ ਵਕਤ ਪਹਿਲਾਂ ਪਾਕਿਸਤਾਨ ਦੇ ਹਮਾਇਤੀਆਂ ਨੇ ਭਾਰਤੀ ਸਫਾਰਤਖ਼ਾਨੇ ਦੇ ਬਾਹਰ ਇੱਕ ਹਿੰਸਕ ਮੁਜ਼ਾਹਰਾ ਕੀਤਾ ਸੀ।

“ਹੁਣ ਆਉਣ ਵਾਲੇ ਐਤਵਾਰ ਨੂੰ ਜਿਸ ਦਿਨ ਹਿੰਦੂਆਂ ਤੇ ਸਿੱਖਾਂ ਦੇ ਤਿਉਹਾਰ ਦੀਵਾਲੀ ਹੈ, ਉਸ ਦਿਨ ਭਾਰਤ-ਵਿਰੋਧੀ ਮੁਜ਼ਾਹਰਿਆ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਕੀ ਕਰ ਰਹੀ ਹੈ ਤਾਂ ਜੋ ਇਹ ਮੁਜ਼ਾਹਰੇ ਹਿੰਸਕ ਨਾ ਹੋਣ।”

ਇਸ ਦੇ ਜਵਾਬ ਵਿੱਚ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ, ” ਮੈਂ ਇਸ ਮਾਮਲੇ ਨੂੰ ਗ੍ਰਹਿ ਮੰਤਰੀ ਨੂੰ ਵੇਖਣ ਵਾਸਤੇ ਕਿਹਾ ਹੈ। ਪਰ ਮੈਂ ਇਸ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਦੇਸ ਵਿੱਚ ਕਿਸੇ ਤਰੀਕੇ ਦੇ ਹਿੰਸਕ ਮੁਜ਼ਾਹਰਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”

ਭਾਰਤੀ ਹਾਈ ਕਮਿਸ਼ਨ ਨੇ ਬਰਤਾਨਵੀਂ ਸਰਕਾਰ ਨੂੰ ਲਿਖਿਆ ਹੈ ਕਿ ਪਹਿਲਾਂ ਵੀ ਦੋ ਵਾਰ ਜਦੋਂ ਮੁਜ਼ਾਹਰੇ ਹੋਏ ਹਨ ਤਾਂ ਉਸ ਨਾਲ ਸਫਾਰਤਖਾਨੇ ਦਾ ਕੰਮ ਪ੍ਰਭਾਵਿਤ ਹੋਇਆ ਹੈ। ਮੁਜ਼ਾਹਰੇ ਹਿੰਸਕ ਹੋਏ ਹਨ ਜਿਨ੍ਹਾਂ ਵਿੱਚ ਸਫਾਰਤਖ਼ਾਨੇ ਦੀਆਂ ਖਿੜਕੀਆਂ ਵੀ ਤੋੜੀਆਂ ਗਈਆਂ ਹਨ।”

ਜਦੋਂ ਉਨ੍ਹਾਂ ਨੂੰ ਇਨ੍ਹਾਂ ਮੁਜ਼ਾਹਰਿਆਂ ਦੌਰਾਨ ਹੋਏ ਨੁਕਸਾਨ ਦਾ ਵੇਰਵਾ ਪੁੱਛਿਆ ਤਾਂ ਉਨ੍ਹਾਂ ਕਿਹਾ, “ਇੱਥੇ ਸਨਮਾਨ ਨੂੰ ਵੱਧ ਢਾਹ ਲੱਗੀ ਹੈ। ਵਿਅਨਾ ਕਨਵੈਸ਼ਨ ਤਹਿਤ ਸਫੀਰਾਂ ਨੂੰ ਕਈ ਅਧਿਕਾਰ ਮਿਲਦੇ ਹਨ ਜਿਨ੍ਹਾਂ ਤਹਿਤ ਉਹ ਆਪਣਾ ਕੰਮ ਬਿਨਾਂ ਕਿਸੇ ਡਰ ਦੇ ਕਰ ਸਕਣ।”

ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮੁਜ਼ਾਹਰੇ ਭਾਰਤੀ ਸਫਾਰਤਖ਼ਾਨੇ ਅੱਗੇ ਅਜਿਹੇ ਮੁ਼ਜ਼ਾਹਰੇ ਨਹੀਂ ਹੋਣੇ ਦੇਣੇ ਚਾਹੀਦੇ ਹਨ ਤਾਂ ਜੋ ਭਾਰਤੀ ਸਫਾਰਤਖਾਨੇ ਦਾ ਕੰਮ ਪੂਰੇ ਤਰੀਕੇ ਨਾਲ ਜਾਰੀ ਰਹਿ ਸਕੇ।

ਇਸ ਤੋਂ ਪਹਿਲਾਂ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਦੀਵਾਲੀ ‘ਤੇ ਭਾਰਤ ਵਿਰੋਧੀ ਮਾਰਚ ਦੀ ਯੋਜਨਾ ਦੀ ਨਿੰਦਾ ਕੀਤੀ ਸੀ।

ਸਾਦਿਕ ਖ਼ਾਨ ਨੇ ਕਿਹਾ ਸੀ ਕਿ ਇਸ ਨਾਲ ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਵੱਖਵਾਦ ਨੂੰ ਵਧਾਵਾ ਮਿਲੇਗਾ।

ਖ਼ਾਨ ਨੇ ਰੈਲੀ ਦੇ ਪ੍ਰਬੰਧਕਾਂ ਅਤੇ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਰੈਲੀ ਰੱਦ ਕਰਨ ਲਈ ਕਿਹਾ ਹੈ।

ਰੈਲੀ ਦੇ ਪ੍ਰਬੰਧਕਾਂ ਨੇ ਇਸ ਲਈ ਇਜਾਜ਼ਤ ਮੰਗੀ ਸੀ। ਇਸ ਵਿਰੋਧ-ਪ੍ਰਦਰਸ਼ਨ ਵਿੱਚ ਪੰਜ ਤੋਂ ਦਸ ਹਜ਼ਾਰ ਲੋਕ ਲੰਡਨ ਸਥਿਤ ਭਾਰਤੀ ਸਫਾਰਤਖਾਨੇ ਦੇ ਸਾਹਮਣੇ ਪ੍ਰਦਰਸ਼ਨ ਕਰਨ ਵਾਲੇ ਸਨ।

ਭਾਰਤੀ ਮੂਲ ਦੇ ਲੰਡਨ ਅਸੈਂਬਲੀ ਦੇ ਮੈਂਬਰ ਨਵੀਨ ਸ਼ਾਹ ਦੇ ਪੱਤਰ ਦੇ ਜਵਾਬ ਵਿੱਚ ਪਾਕਿਸਤਾਨੀ ਮੂਲ ਦੇ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਇੱਕ ਪੱਤਰ ਜਾਰੀ ਕੀਤਾ ਹੈ।

ਇਸ ਪੱਤਰ ਵਿੱਚ ਲਿਖਿਆ ਹੈ, “ਦੀਵਾਲੀ ਵਾਲੇ ਦਿਨ ਲੰਡਨ ਵਿੱਚ ਭਾਰਤੀ ਸਫਾਰਤਖਾਨੇ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨਾ ਨਿੰਦਣਯੋਗ ਹੈ।”

ਸਾਦਿਕ ਖ਼ਾਨ ਨੇ ਪੱਤਰ ਵਿੱਚ ਲਿਖਿਆ ਹੈ, ਜਦੋਂ ਲੰਡਨ ਦੇ ਲੋਕਾਂ ਨੂੰ ਨਾਲ ਲਿਆਉਣ ਦੀ ਲੋੜ ਹੈ। ਅਜਿਹੇ ਵਿੱਚ ਇਸ ਵਿਰੋਧ ਮਾਰਚ ਨਾਲ ਵੱਖਵਾਦ ਨੂੰ ਵਧਾਵਾ ਮਿਲੇਗਾ। ਜੋ ਵੀ ਇਸ ਰੈਲੀ ਦੇ ਪ੍ਰਬੰਧਕ ਹਨ ਅਤੇ ਜੋ ਇਸ ਵਿੱਚ ਹਿੱਸਾ ਲੈਣ ਵਾਲੇ ਹਨ ਉਹ ਇੱਕ ਵਾਰ ਹੋਰ ਸੋਚ ਲੈਣ।”

ਸਾਦਿਕ ਖ਼ਾਨ ਨੇ ਲਿਖਿਆ ਹੈ, “ਤੁਸੀਂ ਜਾਣਦੇ ਹੋ ਕਿ ਵਿਰੋਧ-ਪ੍ਰਦਰਸ਼ਨ ‘ਤੇ ਪਾਬੰਦੀ ਲਗਾਉਣ ਦਾ ਅਧਿਕਾਰ ਗ੍ਰਹਿ ਮੰਤਰੀ ਕੋਲ ਹੁੰਦਾ ਹੈ। ਮੈਂ ਇਸ ਪੱਤਰ ਨੂੰ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਮੈਟਰੋਪੌਲਿਟਨ ਪੁਲਿਸ ਕਮਿਸ਼ਨਰ ਕ੍ਰੇਸੀਡਾ ਡਿਕ ਨੂੰ ਵੀ ਭੇਜ ਰਿਹਾ ਹਾਂ ਤਾਂ ਜੋ ਇਸ ਮਾਰਚ ਨੂੰ ਲੈ ਕੇ ਉਹ ਸਾਡੀ ਚਿੰਤਾ ਸਮਝ ਸਕਣ।”

ਨਵੀਨ ਸ਼ਾਹ ਨੇ 15 ਅਗਸਤ ਨੂੰ ਭਾਰਤੀ ਸਫਾਰਤਖਾਨੇ ਦੇ ਸਾਹਮਣੇ ਹੋਈ ਹਿੰਸਕ ਝੜਪ ਦਾ ਵੀ ਜ਼ਿਕਰ ਕੀਤਾ ਹੈ।

ਸਾਦਿਕ ਖ਼ਾਨ ਨੇ ਲਿਖਿਆ ਹੈ, “ਮੈਂ ਬਰਤਾਨਵੀ ਭਾਰਤੀਆਂ ਦੀਆਂ ਚਿੰਤਾਵਾਂ ਸਮਝਦਾ ਹਾਂ। ਕਈ ਲੋਕ ਭਾਰਤੀ ਸਫਾਰਤਖ਼ਾਨੇ ਦੇ ਸਾਹਮਣੇ ਪਹਿਲਾਂ ਹੋਏ ਪ੍ਰਦਰਸ਼ਨਾਂ ਤੋਂ ਡਰੇ ਹੋਏ ਹਨ।”

“ਮੈਂ ਲੰਡਨਵਾਸੀਆਂ ਨੂੰ ਭਰੋਸਾ ਦਿਵਾਂਉਂਦਾ ਹਾਂ ਕਿ ਜੋ ਵੀ ਗ਼ੈਰ-ਕਾਨੂੰਨੀ ਕੰਮ ਕਰੇਗਾ ਉਸ ਦੇ ਉਹ ਜ਼ਿੰਮੇਵਾਰ ਹੋਵੇਗਾ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਇਸ ਵਿਰੋਧ ਪ੍ਰਦਰਸ਼ਨ ਵਿੱਚ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਕਥਿਤ ਰਾਸ਼ਟਰਪਤੀ ਸਰਦਾਰ ਮਸੂਦ ਖ਼ਾਨ ਅਤੇ ਕਥਿਤ ਪ੍ਰਧਾਨ ਮੰਤਰੀ ਰਾਜਾ ਮੁਹੰਮਦ ਫਾਰੂਕ ਹੈਦਰ ਖ਼ਾਨ ਵੀ ਇਸ ਵਿੱਚ ਹਿੱਸਾ ਲੈਣ ਵਾਲੇ ਸਨ।

ਇਸ ਰੈਲੀ ਨੂੰ ‘ਫ੍ਰੀ ਕਸ਼ਮੀਰ ਰੈਲੀ’ ਦਾ ਨਾਂ ਦਿੱਤਾ ਗਿਆ ਸੀ।

ਨਵੀਨ ਸ਼ਾਹ ਨੇ 17 ਅਕਤੂਰਬ ਨੂੰ ਲੰਡਨ ਦੇ ਮੇਅਰ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਸੀ ਕਿ ਉਹ ਆਪਣੇ ਖੇਤਰ ਦੇ ਨੁਮਾਇੰਦਿਆਂ ਤੇ ਉਨ੍ਹਾਂ ਸੰਗਠਨਾਂ ਵੱਲੋਂ ਲਿਖ ਰਿਹਾ ਹਾਂ ਜਿਨ੍ਹਾਂ ਨੇ ਦੀਵਾਲੀ ਵਾਲੇ ਦਿਨ ਭਾਰਤ ਵਿਰੋਧੀ ਰੈਲੀ ਨੂੰ ਰੋਕਣ ਲਈ ਸੰਪਰਕ ਕੀਤਾ ਸੀ।

ਨਵੀਨ ਸ਼ਾਹ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਲੋਕਾਂ ਨੇ ਸੰਪਰਕ ਕਰਕੇ ਕਿਹਾ ਕਿ ਪਵਿੱਤਰ ਤਿਉਹਾਰ ਦੀਵਲੀ ਵਾਲੇ ਦਿਨ ਭਾਰਤ ਵਿਰੋਧੀ ਮਾਰਚ ਪੂਰੇ ਤਰੀਕੇ ਨਾਲ ਗ਼ੈਰ-ਸੰਵੇਦਨਸ਼ਈਲ ਹੈ।

ਨਵੀਨ ਸ਼ਾਹ ਨੇ ਆਪਣੇ ਪੱਤਰ ਨੂੰ ਲੰਡਨ ਦੇ ਮੇਅਰ ਤੋਂ ਇਲਾਵਾ ਮੈਟਰੋਪੌਲਿਟਨ ਪੁਲਿਸ ਮੁਖੀ ਤੇ ਬਰਤਾਨਵੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਵੀ ਟਵਿੱਟਰ ‘ਤੇ ਟੈਗ ਕੀਤਾ ਹੈ।

Leave a Reply

Your email address will not be published. Required fields are marked *