ਕੀ ਲੋਕ ਇਵੇਂ ਹੀ ਮਰਦੇ ਰਹਿਣਗੇ’? ਸੁਪਰੀਮ ਨੇ ਮੋਦੀ ਸਰਕਾਰ ਨੂੰ ਪੁੱਛਿਆ

“ਹਰ ਸਾਲ ਦਿੱਲੀ ਦਾ ਸਾਹ ਘੁਟਦਾ ਹੈ ਤੇ ਅਸੀਂ ਕੁਝ ਵੀ ਕਰਨ ‘ਚ ਸਫ਼ਲ ਨਹੀਂ ਹੋ ਰਹੇ। ਹਰ ਸਾਲ ਅਜਿਹਾ ਹੀ ਹੋ ਰਿਹਾ ਹੈ, ਜੋ 10-15 ਦਿਨ ਲਗਾਤਾਰ ਚਲਦਾ ਹੈ। ਅਜਿਹਾ ਇੱਕ ਸੱਭਿਅਕ ਸਮਾਜ ‘ਚ ਤਾਂ ਨਹੀਂ ਹੁੰਦਾ।”

ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਮੌਜੂਦਾ ਹਾਲਾਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।

ਪ੍ਰਦੂਸ਼ਣ ਇੰਡੀਆ

ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਜ਼ਿੰਦਗੀ ਦਾ ਹੱਕ ਬੇਹੱਦ ਮਹੱਤਵਪੂਰਨ ਹੈ ਤੇ ਜ਼ਿੰਦਗੀ ਜੀਉਣ ਦਾ ਇਹ ਸਹੀ ਤਰੀਕਾ ਨਹੀਂ ਹੈ। ਕੇਂਦਰ ਅਤੇ ਸੂਬੇ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ। ਅਜਿਹਾ ਨਹੀਂ ਚੱਲ ਸਕਦਾ, ਇਹ ਬਹੁਤ ਜ਼ਿਆਦਾ ਹੋ ਗਿਆ ਹੈ।

ਅਦਾਲਤ ਨੇ ਕਿਹਾ ਹੈ, “ਇਸ ਸ਼ਹਿਰ ‘ਚ ਜੀਉਣ ਲਈ ਕੋਈ ਕੋਨਾ ਸੁਰੱਖਿਅਤ ਨਹੀਂ ਬਚਿਆ, ਇਥੋਂ ਤੱਕ ਕਿ ਘਰ ‘ਚ ਵੀ ਨਹੀਂ। ਅਸੀਂ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਗੁਆ ਕਰ ਰਹੇ ਹਾਂ।”

ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਉਹ ਪ੍ਰਦੂਸ਼ਣ ਨੂੰ ਘਟਾਉਣ ਲਈ ਕੀ ਰਹੇ ਹਨ, ਇਸ ਦੀ ਜਾਣਕਾਰੀ ਉਹ ਦੇਣ।

ਅਦਾਲਤ ਨੇ ਕਿਹਾ, “ਹਾਲਾਤ ਗੰਭੀਰ ਹਨ। ਕੇਂਦਰ ਅਤੇ ਦਿੱਲੀ ਸਰਕਾਰ ਵਜੋਂ ਤੁਸੀਂ ਕੀ ਕਰਨਾ ਚਾਹੁੰਦੇ ਹੋ, ਪ੍ਰਦੂਸ਼ਣ ਘਟਾਉਣ ਲਈ ਕਿਹੜੇ ਕਦਮ ਚੁੱਕੋਗੇ। ਲੋਕ ਮਰ ਰਹੇ ਹਨ ਅਤੇ ਕੀ ਉਹ ਇੱਦਾਂ ਹੀ ਮਰਦੇ ਰਹਿਣਗੇ।”

ਸੁਪਰੀਮ ਕੋਰਟ ਨੇ ਅੱਗੇ ਕਿਹਾ, “ਸਾਡੇ ਨੱਕ ਹੇਠਾਂ ਹਰ ਸਾਲ ਅਜਿਹੀਆਂ ਚੀਜ਼ਾਂ ਹੋ ਰਹੀਆਂ ਹਨ। ਲੋਕਾਂ ਨੂੰ ਦਿੱਲੀ ਨਾ ਆਉਣ ਜਾਂ ਦਿੱਲੀ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਲੋਕ ਉਨ੍ਹਾਂ ਦੇ ਸੂਬੇ ਜਾਂ ਗੁਆਂਢੀ ਸੂਬੇ ‘ਚ ਜਾਨਾਂ ਗੁਆ ਰਹੇ ਹਨ। ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ। ਅਸੀ ਹਰੇਕ ਚੀਜ਼ ਦਾ ਮਜ਼ਾਕ ਬਣਾ ਰਹੇ ਹਾਂ।”

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਮੋਗ ਕਾਰਨ ਬੁਰਾ ਹਾਲ ਹੈ। ਇਸ ਦੇ ਮੱਦੇਨਜ਼ਰ ਦਿੱਲੀ ਵਿੱਚ ਔਡ-ਈਵਨ ਲਾਗੂ ਹੋ ਰਿਹਾ ਹੈ।

ਐਤਵਾਰ ਨੂੰ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਤਾ ਦਾ ਇੰਡੈਕਸ 1000 ਤੋਂ ਪਾਰ ਹੋ ਗਿਆ ਸੀ ਜੋ ਬੇਹੱਦ ਖ਼ਤਰਨਾਕ ਹਾਲਾਤ ਵੱਲ ਇਸ਼ਾਰਾ ਕਰਦਾ ਹੈ।

ਰਾਜਧਾਨੀ ਦਿੱਲੀ ਵਿੱਚ 4 ਤੋਂ 15 ਨਵੰਬਰ ਤੱਕ ਔਡ-ਈਵਨ ਨਿਯਮ ਚੱਲੇਗਾ। ਕਹਿਣ ਤੋਂ ਭਾਵ ਔਡ ਤਰੀਕ ਵਾਲੇ ਦਿਨ ਸਿਰਫ਼ ਔਡ ਨੰਬਰ ਵਾਲੀਆਂ ਗੱਡੀਆਂ ਤੇ ਈਵਨ ਤਰੀਕ ਨੂੰ ਈਵਨ ਨੰਬਰ ਵਾਲੀਆਂ ਗੱਡੀਆਂ ਚੱਲਣਗੀਆਂ।

ਜੇ ਤੁਹਾਡੀ ਗੱਡੀ ਦੀ ਨੰਬਰ ਪਲੇਟ ਦਾ ਅਖੀਰਲਾ ਨੰਬਰ ਔਡ (1,3,5,7,9) ਹੈ ਤਾਂ ਤੁਸੀਂ 1, 3, 5, 7, 9, 11, 13 ਅਤੇ 15 ਨਵੰਬਰ ਨੂੰ ਹੀ ਗੱਡੀ ਚਲਾ ਸਕਦੇ ਹੋ। ਇਸ ਤਰ੍ਹਾਂ ਜੇ ਗੱਡੀ ਦਾ ਅਖੀਰਲਾ ਨੰਬਰ ਈਵਨ (2,4,6,8,0) ਹੈ ਤਾਂ ਤੁਸੀਂ 2, 4, 6, 8, 10, 12 ਅਤੇ 14 ਨਵੰਬਰ ਨੂੰ ਹੀ ਗੱਡੀ ਚਲਾ ਸਕਦੇ ਹੋ।

ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਇਹ ਨਿਯਮ ਲਾਗੂ ਹੋਵੇਗਾ। ਨਿਯਮ ਤੋੜਨ ਉੱਤੇ 4,000 ਰੁਪਏ ਦਾ ਜੁਰਮਾਨਾ ਹੈ।

ਅਦਾਲਤ- ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਘੱਟ ਸਮੇਂ ‘ਚ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ? ਤੁਰੰਤ ਕੀ ਕੀਤਾ ਜਾ ਸਕਦਾ ਹੈ?

ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਦੇ ਜੁਆਇੰਟ ਸਕੱਤਰ- ਇਸ ਵਿੱਚ ਪਰਾਲੀ ਨੂੰ ਸਾੜੇ ਜਾਣਾ ਸਭ ਤੋਂ ਵੱਧ ਭੂਮਿਕਾ ਨਿਭਾ ਰਿਹਾ ਹੈ, ਉਸ ਨੂੰ ਰੋਕਣਾ ਚਾਹੀਦਾ ਹੈ।

ਜੱਜ- ਕਲਾਊਡ ਸੀਡਿੰਗ ਕੀ ਹੈ?

ਜੁਆਇੰਟ ਸਕੱਤਰ- ਕਲਾਊਡ ਸੀਡਿੰਗ ਪਿਛਲੀ ਵਾਰ ਕੀਤਾ ਸੀ। ਤਤਕਾਲ ਉਪਾਅ ਤਹਿਤ ਦਿੱਲੀ ਵਿੱਚ ਨਿਰਮਾਣ ਕਾਰਜਾਂ ਨੂੰ ਰੋਕਣਾ ਹੈ ਅਤੇ ਪੰਜਾਬ-ਹਰਿਆਣਾ ਵਿੱਚ ਪਰਾਲੀ ਸਾੜਨ ‘ਤੇ ਰੋਕ ਲਗਾਉਣੀ ਹੈ।

ਜਸਟਿਸ ਅਰੁਣ ਮਿਸ਼ਰਾ- ਅਸੀਂ ਸਾਰੇ ਆਪਣੇ ਜ਼ਿੰਦਗੀ ਦਾ ਹਿੱਸਾ ਗੁਆ ਰਹੇ ਹਾਂ, ਜੋ ਵਿਗਿਆਨਕ ਤੌਰ ‘ਤੇ ਸਿੱਧ ਹੈ। ਇਸ ਦਾ ਹੱਲ ਕੀ ਹੈ।

ਜੁਆਇੰਟ ਸਕੱਤਰ- ਪਰਾਲੀ ਸਾੜਨ ਦੀ ਨਿਗਰਾਨੀ ਰੱਖਣਾ ਵੀ ਇੱਕ ਹੱਲ ਹੈ। ਪਿੰਡ ਦੇ ਸਰਪੰਚ ਅਤੇ ਪਿੰਡ ਦੇ ਮੁਖੀ ਨੂੰ ਤੁਰੰਤ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕੌਣ ਪਰਾਲੀ ਨੂੰ ਅੱਗ ਲਗਾ ਰਿਹਾ ਹੈ। ਸਰਪੰਚ ਇਸ ਲਈ ਜ਼ਿੰਮੇਵਾਰ ਹੈ।

‘ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਪੰਜਾਬ’

ਜੱਜ- ਤੁਹਾਡੀਆਂ ਸੈਟੇਲਾਈਟ ਤਸਵੀਰਾਂ ਮੁਤਾਬਕ ਕਿੱਥੇ ਪਰਾਲੀ ਸਾੜੀ ਜਾ ਰਹੀ ਹੈ?

ਜੁਆਇੰਟ ਸਕੱਤਰ- ਤਸਵੀਰਾਂ ਮੁਤਾਬਕ ਹਰਿਆਣਾ ‘ਚ ਸੁਧਾਰ ਹੈ ਪਰ ਪੰਜਾਬ ‘ਚ ਨਹੀਂ।

ਵਾਤਾਵਰਨ ਕਾਰਕੁਨ ਸੁਨੀਤਾ ਨਾਰਾਇਣ ਨੇ ਕਿਹਾ ਕਿ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਪੰਜਾਬ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਦਾ ਸੰਦੇਸ਼ ਸਾਫ਼ ਹੋਣਾ ਚਾਹੀਦਾ ਹੈ ਅਤੇ ਅਦਾਲਤਾਂ ਦਾ ਦਖ਼ਲ ਇਸ ਮਾਮਲੇ ਵਿੱਚ ਇੱਕ ਰੁਕਾਵਟ ਹੋਵੇਗਾ।

ਸੁਣਵਾਈ ਦੌਰਾਨ ਐਮਿਕਸ ਕਿਊਰੀ ਅਪਰਾਜਿਤਾ ਸਿੰਘ ਨੇ ਅਦਾਲਤ ਨੂੰ ਕਿਹਾ ਹੈ ਕਿ ਦਿੱਲੀ ‘ਚ ਟਰੱਕਾਂ ਦਾ ਪ੍ਰਵੇਸ਼ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਸਿਰਫ਼ ਉਨ੍ਹਾਂ ਟਰੱਕਾਂ ਨੂੰ ਆਉਣ ਦੀ ਆਗਿਆ ਹੋਣੀ ਚਾਹੀਦੀ ਹੈ ਜੋ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਦਾ ਸਾਮਾਨ ਲੈ ਕੇ ਆ ਰਹੇ ਹੋਣ।

ਸਰਦੀਆਂ ਵਿੱਚ ਉੱਤਰੀ ਭਾਰਤ ‘ਤੇ ਸਮੋਗ ਦੀ ਮੋਟੀ ਚਾਦਰ ਹਰ ਸਾਲ ਤਣ ਜਾਂਦੀ ਹੈ ਅਤੇ ਪ੍ਰਦੂਸ਼ਣ ਸੱਥਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।

ਇਸ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਆਮ ਲੋਕਾਂ ਦੀ ਪ੍ਰਦੂਸ਼ਣ ਖ਼ਿਲਾਫ਼ ਲੜਾਈ।

ਹਜ਼ਾਰਾਂ ਲੋਕ ਦਮ ਘੁਟਣ ਅਤੇ ਫੇਫੜਿਆਂ ਨਾਲ ਜੁੜੀਆਂ ਸ਼ਿਕਾਇਤਾਂ ਲੈ ਕੇ ਡਾਕਟਰਾਂ ਕੋਲ ਪਹੁੰਚਦੇ ਹਨ। ਕਈਆਂ ਨੂੰ ਆਪਣੇ ਦਫ਼ਤਰੋਂ ਅਤੇ ਸਕੂਲੋਂ ਛੁੱਟੀ ਕਰਨੀ ਪੈਂਦੀ ਹੈ।

ਸਰਕਾਰਾਂ ਵੱਲੋਂ ਪ੍ਰਦੂਸ਼ਣ ਰੋਕਣ ਲਈ ਕੀਤੇ ਇੰਤਜ਼ਾਮ ਵੀ ਨਾਕਾਮ ਹੋ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਖ਼ਿਲਾਫ਼ ਆਪੋ-ਆਪਣੇ ਤਰੀਕੇ ਤਲਾਸ਼ਣੇ ਪੈਂਦੇ ਹਨ।

ਆਨਲਾਈਨ ਸ਼ੌਪਿੰਗ ਵੈੱਬਸਾਈਟਾਂ ’ਤੇ ਹਵਾ ਸਾਫ਼ ਕਰਨ ਵਾਲੇ ਉਪਕਰਣਾਂ ਬਾਰੇ 2,000 ਤੋਂ ਵਧੇਰੇ ਨਤੀਜੇ ਆ ਜਾਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਮਹਿੰਗੇ ਹਨ।

ਲੋਕਾਂ ਦਾ ਮੰਨਣਾ ਹੈ ਕਿ ਇਹ ਹਵਾ ਸਾਫ਼ ਕਰਦੇ ਹਨ। ਇਸ ਲਈ ਭਾਰਤ ਵਿੱਚ ਇਨ੍ਹਾਂ ਦੀ ਵਿਕਰੀ ਵਧੀ ਹੈ।

ਮਾਰਚ ਵਿੱਚ ਇੱਕ ਖ਼ਬਰ ਆਈ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਸਮੇਤ ਹੋਰ ਸਰਕਾਰੀ ਦਫ਼ਤਰਾਂ ਵਿੱਚ ਲਾਉਣ ਲਈ 140 ਅਜਿਹੇ ਉਪਕਰਣ ਖਰੀਦੇ ਹਨ।

ਮੂੰਹ ‘ਤੇ ਬੰਨ੍ਹਣ ਵਾਲੇ ਮਾਸਕ

ਦਵਾਈਆਂ ਵਾਲਿਆਂ ਤੋਂ ਲੈ ਕੇ ਆਨਲਾਈਨ ਖਰੀਦਦਾਰੀ ਸਾਈਟਾਂ ਤੱਕ ਤੁਹਾਨੂੰ ਕਈ ਮਹਿੰਗੇ-ਸਸਤੇ ਮਾਸਕ ਮਿਲ ਜਾਣਗੇ।

ਇਨ੍ਹਾਂ ਵਿੱਚੋਂ ਕੁਝ ਸਿਰਫ਼ ਸਾਦੇ ਕੱਪੜੇ ਦੇ ਅਤੇ ਕਈ ਪ੍ਰਦੂਸ਼ਣ ਰੋਕਣ ਲਈ ਫ਼ਿਲਟਰਾਂ ਵਾਲੇ ਵੀ ਹੁੰਦੇ ਹਨ।

ਆਂਵਲਾ ਤੇ ਹਲਦੀ

ਪਿਛਲੇ ਹਫ਼ਤੇ ਜਦੋਂ ਦਿੱਲੀ ਵਿੱਚ ਪ੍ਰਦੂਸ਼ਣ ਵਧਣ ਲੱਗਿਆ ਤਾਂ ਸਕੂਲਾਂ ਨੇ ਵੀ— ਸਵੇਰ ਦੀਆਂ ਸਭਾਵਾਂ ਬੰਦ ਕਰ ਦਿੱਤੀਆਂ, ਬੱਚਿਆਂ ਦੇ ਖੇਡਣ ਦੇ ਪੀਰੀਅਡ ਬੰਦ ਕਰ ਦਿੱਤੇ। ਉੱਥੇ ਹੀ ਇੱਕ ਸਕੂਲ ਨੇ ਵਿਦਿਆਰਥੀਆਂ ਨੂੰ ਆਂਵਲੇ ਵੰਡੇ।

ਮੰਨਿਆ ਜਾਂਦਾ ਹੈ ਕਿ ਆਂਵਲੇ ਦੇ ਐਂਟੀ-ਆਕਸੀਡੈਂਟ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਸੁਧਾਰ ਕੇ ਪ੍ਰਦੂਸ਼ਣ ਦਾ ਅਸਰ ਘਟਾਉਣ ਵਿੱਚ ਅਸਰਦਾਰ ਹੁੰਦਾ ਹੈ।

ਖੁਰਾਕ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹਲਦੀ, ਅਦਰਕ ਅਤੇ ਤੁਲਸੀ ਦਾ ਕਾਹਵਾ ਜਾਂ ਗੁੜ ਖਾਣ ਨਾਲ ਵੀ ਪ੍ਰਦੂਸ਼ਣ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ।

ਘਰ ਵਿੱਚ ਪੌਦੇ ਲਗਾ ਕੇ ਤੁਸੀਂ ਹਵਾ ਸਾਫ਼ ਕਰ ਸਕਦੇ ਹੋ

ਸਭ ਤੋਂ ਵੱਡ ਖ਼ਤਰਾ ਬੱਚਿਆਂ, ਬਜ਼ੁਰਗਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਹੈ। ਉਨ੍ਹਾਂ ਨੂੰ ਜਿੱਥੋਂ ਤੱਕ ਹੋ ਸਕੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਅਤੇ ਸਖ਼ਤ ਮਿਹਨਤ ਤੋਂ ਬਚਣਾ ਚਾਹੀਦਾ ਹੈ।

ਪ੍ਰਦੂਸ਼ਣ ਦੇ ਫੇਫੜਿਆਂ ਤੇ ਦਿਲ ਉੱਪਰ ਤਾਂ ਮਾੜੇ ਅਸਰਾਂ ਤੋਂ ਇਲਾਵਾ ਕੁਝ ਅਧਿਐਨ ਬੌਧਿਕਤਾ ਉੱਪਰ ਵੀ ਇਸਦੇ ਅਸਰ ਵੱਲ ਵੀ ਸੰਕੇਤ ਕਰਦੇ ਹਨ।

ਘੀ ਕੁਆਰ, ਸਨੇਕ ਪਲਾਂਟ…

ਇਹ ਤਾਂ ਸਭ ਜਾਣਦੇ ਹਨ ਕਿ ਪੌਦੇ ਹਵਾ ਸਾਫ਼ ਕਰਦੇ ਹਨ ਪਰ ਅੱਜ ਕੱਲ੍ਹ ਕਈ ਅਖ਼ਬਾਰ ਅਤੇ ਵੈਬਸਾਈਟਾਂ ਘਰਾਂ ਦੇ ਅੰਦਰ ਰੱਖੇ ਜਾ ਸਕਣ ਵਾਲੇ ਪੌਦਿਆਂ ਦਾ ਪ੍ਰਚਾਰ ਕਰ ਰਹੇ ਹਨ।

ਸਭ ਤੋਂ ਮਸ਼ਹੂਰ ਘੀ ਕੁਆਰ, ਸਪਾਈਡਰ ਪਲਾਂਟ ਅਤੇ ਸਨੇਕ ਪਲਾਂਟ ਹਨ।

Leave a Reply

Your email address will not be published. Required fields are marked *