ਮੇਘਾਲਿਆ ਹਿੰਸਾ ਦੌਰਾਨ ਤਿੰਨ ਦੀ ਮੌਤ

ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਹੋਈਆਂ ਇੱਕ ਝੜਪਾਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ।

ਸ਼ਨੀਵਾਰ ਸਵੇਰੇ ਸ਼ਿਲਾਂਗ ਦੇ ਬੜਾ ਬਾਜ਼ਾਰ ਖੇਤਰ ਵਿੱਚ ਖਾਸੀ ਸਟੂਡੈਂਟਸ ਯੂਨੀਅਨ (ਕੇਐਸਯੂ) ਦੇ ਕਾਰਕੁਨਾਂ ਅਤੇ ਗੈਰ-ਕਬਾਇਲੀ ਸਮੂਹਾਂ ਵਿਚਾਲੇ ਝੜਪਾਂ ਹੋਈਆਂ। ਜਿਨ੍ਹਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਖਾਸੀ ਯੂਨੀਅਨ ਦੇ ਆਗੂ ਵਜੋਂ ਹੋਈ ਹੈ।

ਇਹ ਝੜਪ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਇੰਨਰ ਲਾਈਨ ਪਰਮਿਟ (ਆਈਐਲਪੀ) ਦੇ ਮੁੱਦੇ ‘ਤੇ ਕੱਢੇ ਜਾ ਰਹੇ ਜਲੂਸ ਦੌਰਾਨ ਹੋਈ।

ਝੜਪਾਂ ਦੌਰਾਨ ਛੁਰੇਬਾਜ਼ੀ ਨਾਲ ਘੱਟੋ ਘੱਟ ਛੇ ਲੋਕ ਜ਼ਖਮੀ ਵੀ ਹੋਏ ਹਨ। ਇਸ ਵੇਲੇ ਉਥੇ ਸਥਿਤੀ ਬਹੁਤ ਤਣਾਅਪੂਰਨ ਹੈ।

ਮੁਜ਼ਾਹਰੇ ਦੌਰਾਨ ਸਥਾਨਕ ਲੋਕਾਂ ਨੇ ਪਰਵਾਸੀਆਂ ਨੂੰ ਨਿਸ਼ਾਨਾਂ ਬਣਾਇਆ। ਇਸ ਘਟਨਾਕ੍ਰਮ ਤੋਂ ਬਾਅਦ ਉੱਥੇ ਰਹਿਣ ਵਾਲੇ ਪਰਵਾਸੀ, ਖ਼ਾਸਕਰ ਉੱਤਰ ਪ੍ਰਦੇਸ਼ , ਬਿਹਾਰ ਅਤੇ ਬੰਗਲਾ ਦੇਸ ਦੇ ਲੋਕ ਡਰੇ ਹੋਏ ਹਨ।

ਮੇਘਾਲਿਆ ਦੇ ਮੁੱਖ ਮੰਤਰੀ ਕੌਨਰਾਡ ਸੰਗਮਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ”ਮੁੱਖ ਮੰਤਰੀ ਦਫ਼ਤਰ ਨੂੰ ਜਾਣਕਾਰੀ ਮਿਲੀ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਇੰਨਰ ਲਾਇਨ ਪਰਮਿਟ ਉੱਤੇ ਇਚਾਮਾਟੀ ਵਿਚ ਬੈਠਕ ਚੱਲ ਰਹੀ ਸੀ। ਬੈਠਕ ਖ਼ਤਮ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਸ਼ਰਾਰਤੀ ਅਨਸਰ ਉੱਥੇ ਆਏ ਅਤੇ ਕੇਐੱਸਯੂ ਦੇ ਮੈਂਬਰਾਂ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹੋਈਆਂ ਝੜਪਾਂ ਦੌਰਾਨ ਕਈ ਲੋਕ ਜ਼ਖ਼ਮੀ ਵੀ ਹੋਏ ਹਨ”।

ਈਸਟ ਖਾਸੀ ਹਿਲਜ਼ ਜ਼ਿਲਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਸ਼ਿੰਲਾਗ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ ਤਾਂਕਿ ਅਮਨ ਕਾਨੂੰਨ ਨੂੰ ਬਹਾਲ ਰੱਖਿਆ ਜਾ ਸਕੇ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਬਾਜ਼ਾਰ ਦੀ ਘੇਰਾਬੰਦੀ ਕਰ ਲਈ ਗਈ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਬੀਤੀ ਰਾਤ ਤੋਂ ਸ਼ਹਿਰ ਦੇ ਕਈ ਇਲਾਕਿਆਂ ਵਿਚ ਕਰਫ਼ਿਉ ਲਗਾਇਆ ਗਿਆ ਸੀ। ਅਫ਼ਵਾਹਾਂ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਗਲੇ 48 ਘੰਟਿਆਂ ਲਈ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਪੂਰਬੀ ਖ਼ਾਸੀ ਪਹਾੜੀ ਜ਼ਿਲੇ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਕੁਝ ਖੇਤਰਾਂ ਵਿਚ ਧਾਰਾ 144 ਵੀ ਲਾਗੂ ਕੀਤੀ ਗਈ ਹੈ।

ਤਣਾਅ ਦੇ ਮੱਦੇਨਜ਼ਰ, ਇੱਕ ਸੀਆਰਪੀਐੱਫ਼ ਦੀ ਕੰਪਨੀ ਸੋਹਰਾ ਲਈ ਰਵਾਨਾ ਹੋ ਗਈ ਹੈ, ਜਦੋਂ ਕਿ ਦੋ ਕੰਪਨੀਆਂ ਸ਼ਿਲਾਂਗ ਵਿੱਚ ਹਨ।

Leave a Reply

Your email address will not be published. Required fields are marked *