ਪੰਜਾਬ ਦਾ ਮਾਣ ਭਾਰਤੀ ਰੇਲਵੇ ਦਾ ਹੈਡ ਟੀ ਟੀ ਅਤੇ ਸਫਲ ਕਿਸਾਨ ਗੁਰਮੀਤ ਸਿੰਘ

Report : Parveen Komal

ਭਾਰਤੀ ਰੇਲਵੇ ਦੇ ਹੈਡ ਟੀ ਟੀ ਅਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੱਟਿਆਂਵਾਲੀ ਦੇ ਕਿਸਾਨ ਗੁਰਮੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਦਿੱਲੀ ਵਿਖੇ ਕਰਵਾਏ ਗਏ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਵਿਚ ਨੈਸ਼ਨਲ ਪੱਧਰ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਆਏ 39 ਕਿਸਾਨਾਂ ਸਮੇਤ ਇਸ ਐਵਾਰਡ ਨਾਲ ਸਨਮਾਨਿਤ ਕਰਨ ਤੋਂ ਬਾਅਦ ਗੁਰਮੀਤ ਸਿੰਘ ਨੂੰ ਇਕ ਸਫ਼ਲ ਕਿਸਾਨ ਐਲਾਨਿਆ ਗਿਆ। ਗੌਰਤਲਬ ਹੈ ਕਿ ਪੰਜਾਬ ਵਿਚੋਂ ਸਿਰਫ਼ ਗੁਰਮੀਤ ਸਿੰਘ ਨੂੰ ਹੀ ਇਸ ਐਵਾਰਡ ਵਾਸਤੇ ਚੁਣਿਆ ਗਿਆ ਸੀ। ਦਿੱਲੀ ਦੇ ਖੇਤੀਬਾੜੀ ਮੰਤਰੀ ਕੈਲਾਸ਼ ਚੌਧਰੀ, ਡਾਇਰੈਕਟਰ ਜਨਰਲ ਭਾਰਤ ਡਾਕਟਰ ਤਰਲੋਚਨ ਮਹਾਂਪਾਤਰਾ ਤੇ ਡਾਇਰੈਕਟਰ ਡਾਕਟਰ ਏ.ਕੇ. ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪੰਜਾਬ ਦੇ ਹਿੱਸੇ 10 ਸਾਲਾ ਬਾਅਦ ਇਹ ਐਵਾਰਡ ਆਇਆ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਦਾ ਮਾਣ ਗੁਰਮੀਤ ਸਿੰਘ ਡਿਊਟੀ ਆਫ ਹੋਣ ਤੋਂ ਬਾਅਦ ਪਿੰਡ ਵਿਖੇ ਖੇਤੀਬਾੜੀ ਵਿਚ ਮਿਹਨਤ ਨਾਲ ਅਹਿਮ ਭੂਮਿਕਾ ਨਿਭਾ ਰਿਹਾ ਹੈ। ਕਿਸਾਨ ਦੇ ਪਿਤਾ ਮਹਿੰਦਰ ਸਿੰਘ ਅਧਿਆਪਕ ਹਨ ਅਤੇ ਉਸ ਦੀ ਪਤਨੀ ਪੂਨਮਦੀਪ ਕੌਰ ਘਰੇਲੂ ਔਰਤ ਹੈ। ਉਸ ਦੇ ਦੋ ਬੱਚੇ ਇਕ ਮੁੰਡਾ ਅਤੇ ਇਕ ਕੁੜੀ ਹੈ, ਜੋ ਛੋਟੇ ਹਨ ਅਤੇ ਸਕੂਲ ’ਚ ਪੜ੍ਹ ਰਹੇ ਹਨ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਨੇ ਖੇਤਾਂ ਵਿਚ ਮਸ਼ੀਨੀਕਰਨ ਨੂੰ ਅਪਣਾਇਆ ਅਤੇ ਟਰੈਕਟਰ ਟਰਾਲੀ ਤੋਂ ਲੈ ਕੇ ਰੋਟਾਵੀਟਰ, ਸੀਡ ਡਰਿੱਲ, ਜ਼ੀਰੋ ਡਰਿਲ, ਸਪਰੇ ਪੰਪ, ਸੋਲਰ ਪੰਪ ਦੀ ਵਰਤੋਂ ਕੀਤੀ ਹੈ।
ਉਨ੍ਹਾਂ ਨੇ ਪੂਸਾ ਬਾਸਮਤੀ ਦੀ ਵੈਰਾਇਟੀ ਪੀ.ਬੀ.-44, ਪੀ.ਬੀ.1121, ਪੀ.ਬੀ.-1509 ਅਤੇ ਕਣਕ ਦੀ ਐੱਚ.ਡੀ.-2967, ਐੱਚ.ਡੀ.-3086, ਐੱਚ.ਡੀ.3226 ਅਤੇ ਐੱਚ.ਡੀ. 3271 ਕਿਸਮ ਦੀ ਵਰਤੋਂ ਕੀਤੀ ਹੈ। ਬਾਗਬਾਨੀ ਫਸਲਾਂ ਵਿਚ ਕਿੰਨੂ ਅਤੇ ਪਿਆਜ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾਇਆ। ਵਾਧੂ ਆਮਦਨ ਲਈ ਪਸ਼ੂਧਨ ਅਤੇ ਮੱਛੀ ਪਾਲਣ ਦਾ ਧੰਦਾ ਅਪਣਾਇਆ। ਹੋਰਨਾ ਕਿਸਾਨਾਂ ਲਈ ਗੁਰਮੀਤ ਸਿੰਘ ਇਕ ਪ੍ਰੇਰਨਾ ਸਰੋਤ ਬਣ ਰਹੇ ਹਨ। ਪੰਜਾਬ ਸਰਕਾਰ ਨੇ ਗੁਰਮੀਤ ਸਿੰਘ ਦੀ ਇਸ ਸਫਲਤਾ ਤੇ ਵਧਾਈ ਦਿੱਤੀ ਹੈ ।

Leave a Reply

Your email address will not be published. Required fields are marked *