ਲਾਹੌਰ-ਗੁੱਜਰਾਂਵਾਲਾ ਮੋਟਰਵੇ ‘ਤੇ ਔਰਤ ਦਾ ਬਲਾਤਕਾਰ

ਲਾਹੌਰ- ਗੁੱਜਰਾਂਵਾਲਾ

ਪਾਕਿਸਤਾਨ ਵਿੱਚ ਲਾਹੌਰ-ਸਿਆਲਕੋਟ ਮੋਟਰਵੇ ਉੱਤੇ ਲੁਟੇਰਿਆਂ ਵੱਲੋਂ ਇੱਕ ਔਰਤ ਦੇ ਸਮੂਹਕ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲ੍ਹੀ ਹਨ।

ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਏਕੇ ਬੁਜ਼ਦਾਰ ਨੇ ਮੀਡੀਆ ਨੂੰ ਦੱਸਿਆ ਕਿ ਮਾਮਲੇ ਵਿੱਚ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਪਰ ਉਨ੍ਹਾਂ ਨੂੰ ਪੁਲਿਸ ਜਦੋਂ ਫੜ੍ਹਨ ਗਈ ਤਾਂ ਉਹ ਆਪਣੀ ਰਿਹਾਇਸ਼ ਤੋਂ ਫਰਾਰ ਹੋ ਗਏ ਸਨ।

ਇੰਸਪੈਕਟਰ ਜਨਰਲ ਆਫ ਪੰਜਾਬ ਇਨਾਮ ਘਨੀ ਖ਼ਾਨ ਨੇ ਦੱਸਿਆ, “ਫੋਨ ਰਿਕਾਰਡਸ ਤੇ ਹੋਰ ਸਰਕਾਰੀ ਰਿਕਾਰਡਾਂ ਦੀ ਮਦਦ ਨਾਲ ਪੁਲਿਸ ਨੇ ਮੁੱਖ ਮੁਲਜ਼ਮ ਤੇ ਉਸ ਦੇ ਸਾਥੀ ਬਾਰੇ ਪਤਾ ਲਗਾ ਲਿਆ ਸੀ। ਪੁਲਿਸ ਨੇ ਮੁੱਖ ਮੁਲਜ਼ਮ ਤੇ ਉਸ ਸਾਥੀ ਦੀ ਭਾਲ ਲਈ ਸ਼ੇਖੂਪੁਰਾ ਵਿੱਚ ਛਾਪੇਮਾਰੀ ਕੀਤੀ ਪਰ ਉਹ ਨਿਕਲ ਚੁੱਕੇ ਸਨ।”

ਬੁੱਧਵਾਰ ਨੂੰ ਲਾਹੌਰ-ਸਿਆਲਕੋਟ ਮੋਟਰਵੇ ਉੱਪਰ ਦੋ ਲੁਟੇਰਿਆਂ ਵੱਲੋਂ ਇੱਕ ਔਰਤ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਔਰਤ ਆਪਣੇ ਬੱਚਿਆਂ ਨਾਲ ਲਾਹੌਰ ਤੋਂ ਗੁੱਜਰਾਂਵਾਲਾ ਜਾ ਰਹੀ ਸੀ। ਉਸੇ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਘਟਨਾ ਬਾਰੇ ਪਾਕਿਸਤਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਡੂੰਘੀ ਫਿਕਰ ਜ਼ਾਹਰ ਕੀਤੀ ਹੈ ਅਤੇ ਹੈਰਾਨੀ ਜਤਾਈ ਹੈ ਕਿ ਉੱਥੇ ਸੁਰੱਖਿਆ ਦਾ ਕੋਈ ਬੰਦੋਬਸਤ ਨਹੀਂ ਸੀ।

ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨੇ ਇਹ ਵਿਚਾਰ ਲਾਹੌਰ ਦੇ ਇੱਕ ਹੋਟਲ ਵਿੱਚ ਜੱਜਾਂ ਦੀ ਟਰੇਨਿੰਗ ਵਰਕਸ਼ਾਪ ਦੇ ਸਮਾਪਤੀ ਸਮਾਗਮ ਦੌਰਾਨ ਕਹੇ।

ਉਨ੍ਹਾਂ ਨੇ ਕਿਹਾ, “ਪੁਲਿਸ ਪ੍ਰਣਾਲੀ ਗੈਰ-ਪੇਸ਼ੇਵਰ ਅਤੇ ਗੈਰ-ਜ਼ਿੰਮੇਵਾਰ ਲੋਕਾਂ ਦੇ ਹੱਥਾਂ ਵਿੱਚ ਹੈ ਜਿਨ੍ਹਾਂ ਨੇ ਮੁਲਕ ਦਾ ਅਮਨ ਕਾਨੂੰਨ ਤਬਾਹ ਕਰ ਕੇ ਰੱਖ ਦਿੱਤਾ ਹੈ।”

ਜਾਂਚ ਲਈ ਬਣੀਆਂ ਦੋ ਕਮੇਟੀਆਂ

ਇਸ ਤੋਂ ਪਹਿਲਾਂ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਘਟਨਾ ਦੀ ਜਾਂਚ ਅਤੇ ਅਗਾਂਹ ਤੋਂ ਅਜਿਹੀਆਂ ਘਟਨਾਵਾਂ ਰੋਕਣ ਲਈ ਪੰਜ ਮੈਂਬਰੀ ਕਮੇਟੀ ਬਣਾਈ।

ਇਸੇ ਦੌਰਾਨ ਪੰਜਾਬ ਦੇ ਇੰਸਪੈਕਟਰ ਇਨਾਮ ਗਨੀ ਨੇ ਵੀ ਛੇ ਮੈਂਬਰੀ ਸਪੈਸ਼ਲ ਜਾਂਚ ਟੀਮ ਬਣਾਈ ਸੀ ਜਿਸ ਦੀ ਅਗਵਾਈ ਡੀਆਈਜੀ ਇਨਵੈਸਟੀਗੇਸ਼ਨ, ਲਾਹੌਰ, ਸ਼ਹਜ਼ਾਦਾ ਸੁਲਤਾਨ ਕਰਨਗੇ।

ਵਾਰਦਾਤ ਕਿਵੇਂ ਹੋਈ?

ਪੁਲਿਸ ਅਫ਼ਸਰ ਮੁਤਾਬਕ ਔਰਤ ਨੇ ਆਪਣੀ ਕਾਰ ਵਿੱਚ ਲਾਹੌਰ-ਸਿਆਲਕੋਟ ਦੇ ਰਾਹ ‘ਤੇ ਪੈਂਦਾ ਟੋਲ ਪਲਾਜ਼ਾ ਪਾਰ ਕੀਤਾ ਅਤੇ ਅੱਗੇ ਜਾ ਕੇ ਉਸ ਦੀ ਗੱਡੀ ਤੇਲ ਮੁੱਕਣ ਜਾਂ ਕਿਸੇ ਹੋਰ ਨੁਕਸ ਕਾਰਨ ਖੜ੍ਹ ਗਈ ਸੀ।

ਇਸੇ ਦੌਰਾਨ ਉਸ ਨੂੰ ਗੁੱਜਰਾਂਵਾਲਾ ਤੋਂ ਇੱਕ ਰਿਸ਼ਤੇਦਾਰ ਦਾ ਫੋਨ ਆਇਆ ਜਿਸ ਨੇ ਉਸ ਨੂੰ ਪੁਲਿਸ ਹੈਲਪਲਾਈਨ ਉੱਪਰ ਫੋਨ ਕਰਨ ਨੂੰ ਕਿਹਾ ਅਤੇ ਉਹ ਆਪ ਵੀ ਘਰੋਂ ਨਿਕਲ ਪਿਆ।

ਜਦੋਂ ਰਿਸ਼ਤੇਦਾਰ ਮੌਕੇ ‘ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਔਰਤ ਦੇ ਕੱਪੜੇ ਫ਼ਟੇ ਹੋਏ ਸਨ ਅਤੇ ਉਹ ਸਹਿਮੀ ਖੜ੍ਹੀ ਸੀ।

ਪੁਲਿਸ ਅਫ਼ਸਰ ਨੇ ਦੱਸਿਆ ਕਿ ਦੋ ਹਥਿਆਰਬੰਦ ਵਿਅਕਤੀਆਂ ਨੇ ਔਰਤ ਨੂੰ ਇਕੱਲਿਆਂ ਦੇਖਿਆ ਅਤੇ ਉਸ ਨੂੰ ਬੱਚਿਆਂ ਸਮੇਤ ਬੰਦੂਕ ਦੀ ਨੋਕ ‘ਤੇ ਨਾਲ ਲਗਦੇ ਖੇਤ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ।

ਅਫ਼ਸਰ ਮੁਤਾਬਕ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਹੋਈ ਹੈ।

ਅਫ਼ਸਰ ਮੁਤਾਬਕ ਮੁਲਜ਼ਮ ਔਰਤ ਨੂੰ ਪੁਲਿਸ ਹੈਲਪਲਾਈਨ ‘ਤੇ ਫੋਨ ਕਰਨ ਤੋਂ ਪਹਿਲਾਂ ਹੀ ਆਪਣੇ ਨਾਲ ਲੈ ਗਏ ਸਨ। ਉਹ ਉਸਦੇ ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਮਾਨ ਵੀ ਖੋਹ ਕੇ ਲੈ ਗਏ।

ਔਰਤ ਡਿਫੈਂਸ ਹਾਊਸਿੰਗ ਅਥਾਰਟੀ ਦੀ ਵਸਨੀਕ ਦੱਸੀ ਜਾਂਦੀ ਹੈ ਜਿਸ ਦਾ ਪਤੀ ਵਿਦੇਸ਼ ਵਿੱਚ ਨੌਕਰੀ ਕਰਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 12 ਸ਼ੱਕੀਆਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੈ

Leave a Reply

Your email address will not be published. Required fields are marked *