ਹਿਊਮਨ ਰਾਇਟਸ ਸੰਸਥਾ ਵੱਲੋਂ ਮਾਨਸਾ ਵਿਖੇ ਪੁਲਿਸ ਕਰਮਚਾਰੀਆਂ ਦਾ ਸਨਮਾਨ ਕੀਤਾ


ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗਨਾਈਜੇਸ਼ਨ ਫਾਰ ਪੁਲਿਸ ਪਬਲਿਕ ਪ੍ਰੈਸ ਦੇ ਚੇਅਰਮੈਨ ਸ੍ਰੀ ਪ੍ਰਵੀਨ ਕੋਮਲ ਨੇ ਮਾਨਸਾ ਵਿਖੇ ਇੱਕ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਪੁਲਿਸ ਦੇ ਉਹਨਾਂ ਜਵਾਨਾਂ ਅਤੇ ਨਾਗਰਿਕਾਂ ਦਾ ਸਨਮਾਨ ਕੀਤਾ ਜਿਹੜੇ ਕਿ ਸੜਕ ਸੁਰੱਖਿਆ, ਟਰੈਫਿਕ ਅਵੇਅਰਨੈਸ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸੁਚਾਰੂ ਰੂਪ ਨਾਲ ਡੱਟ ਕੇ ਪੰਜਾਬੀਆਂ ਦੀ ਸੇਵਾ ਵਿਚ ਦਿਨ ਰਾਤ ਇੱਕ ਕਰ ਰਹੇ ਹਨ।
ਇਸ ਮੌਕੇ ਉਹਨਾਂ ਦੇ ਨਾਲ ਸਟੇਟ ਪ੍ਰੈਜ਼ੀਡੈਂਟ ਪੰਜਾਬ ਸ੍ਰੀ ਰਾਜ ਕੁਮਾਰ ਜਿੰਦਲ, ਸਟੇਟ ਵਾਈਸ ਪ੍ਰਧਾਨ ਸ੍ਰੀ ਲਖਵਿੰਦਰ ਸਿੰਘ, ਸਟੇਟ ਵਾਈਸ ਪ੍ਰਧਾਨ ਸ੍ਰੀਮਤੀ ਰੇਖਾ ਅਰੋੜਾ,ਸਟੇਟ ਪ੍ਰਧਾਨ ਹੈਂਡੀਕੈਪਡ ਵੈਲਫ਼ੇਅਰ ਵਿੰਗ ਸ੍ਰੀ ਅਵਿਨਾਸ਼ ਸ਼ਰਮਾ ਅਤੇ ਮਹਿਲਾ ਵਿੰਗ ਮਾਨਸਾ ਦੇ ਵਾਈਸ ਪ੍ਰਧਾਨ ਸ੍ਰੀਮਤੀ ਪੂਨਮ ਸ਼ਰਮਾ ਸ਼ਾਮਿਲ ਸਨ।
ਇਸ ਸਮਾਗਮ ਵਿੱਚ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਇਨ ਦੇ ਇੰਚਾਰਜ ਸਬ ਇੰਸਪੈਕਟਰ ਸ੍ਰੀ ਰਾਜਿੰਦਰ ਸਿੰਘ, ਮਾਨਸਾ ਟਰੈਫਿਕ ਵਿੰਗ ਦੇ ਇੰਚਾਰਜ ਇੰਸਪੈਕਟਰ ਸ੍ਰੀ ਭਗਵੰਤ ਸਿੰਘ ਢਿੱਲੋ, ਏਐਸਆਈ ਟਰੈਫਿਕ ਵਿੰਗ ਸ੍ਰੀ ਸੁਰੇਸ਼ ਕੁਮਾਰ ਪ੍ਰੇਮੀ, ਸਬ ਇੰਸਪਕਟਰ ਸ੍ਰੀ ਜਸਬੀਰ ਸਿੰਘ, ਹੈੱਡ ਕਾਂਸਟੇਬਲ ਸ੍ਰੀ ਬਲਦੇਵ ਸਿੰਘ, ਮਾਨਸਾ ਪ੍ਰਚਾਰ ਕੰਪਨੀ ਚੈਨਲ ਦੇ ਸੰਪਾਦਕ ਸ੍ਰੀ ਅਸ਼ਵਨੀ ਸੋਨੀ, ਮਾਨਸਾ ਤੋਂ ਸਮਾਜ ਸੇਵਕਾ ਸ੍ਰੀਮਤੀ ਮੰਜੂ ਜਿੰਦਲ ਨੂੰ ਫੁੱਲਾਂ ਦੇ ਬੁਕੇ,ਸਿਰੋਪਾਓ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੀ ਪ੍ਰਵੀਨ ਕੋਮਲ ਨੇ ਆਖਿਆ ਕਿ ਦੇਸ਼ ਵਿੱਚ ਹਰ ਰੋਜ਼ 1,263 ਹਾਦਸੇ ਅਤੇ 461 ਮੌਤਾਂ ਹੁੰਦੀਆਂ ਹਨ, ਯਾਨੀ ਹਰ ਘੰਟੇ 53 ਹਾਦਸੇ ਅਤੇ 19 ਮੌਤਾਂ ਹੁੰਦੀਆਂ ਹਨ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸੜਕ ਹਾਦਸਿਆਂ ‘ਚ 1.68 ਲੱਖ ਲੋਕਾਂ ਦੀ ਮੌਤ ਹੋਈ ਅਤੇ 4.48 ਲੱਖ ਲੋਕ ਜ਼ਖਮੀ ਹੋਏ।
ਇਹ ਮੌਤਾਂ ਜ਼ਿਆਦਾਤਰ 18 ਤੋਂ 45 ਉਮਰ ਦੇ ਸਮੂਹ ਵਿੱਚ ਹੋਈਆਂ, ਜਿਸ ਨੇ ਆਬਾਦੀ ਦੇ ਉਸ ਹਿੱਸੇ ਨੂੰ ਪ੍ਰਭਾਵਿਤ ਕੀਤਾ ਜੋ ਆਰਥਿਕਤਾ ਵਿੱਚ ਯੋਗਦਾਨ ਪਾਉਂਦਾ ਹੈ। ਸ੍ਰੀ ਕੋਮਲ ਨੇ ਆਖਿਆ ਕਿ ਪੰਜਾਬ ਵਿਚ ਹੁੰਦੇ ਹਾਦਸਿਆਂ ਵਿਚ ਮੌਤ ਦਰ 76% ਹੈ।
ਪੰਜਾਬ ਰੋਡ ਐਕਸੀਡੈਂਟ ਐਂਡ ਟਰੈਫਿਕ-2021 ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਹਰ ਦਿਨ 13 ਵਿਅਕਤੀ ਹਾਦਸਿਆਂ ਦੀ ਭੇਟ ਚੜ੍ਹਦੇ ਰਹੇ ਹਨ। ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਕੁੱਲ 4589 ਮੌਤਾਂ ਵਿਚੋਂ 3276 ਮੌਤਾਂ ਦਾ ਕਾਰਨ ਵਾਹਨਾਂ ਦੀ ਤੇਜ਼ ਰਫਤਾਰ ਮੰਨਿਆ ਗਿਆ ਹੈ।
ਟਰੈਫਿਕ ਚਲਾਨਾਂ ਸਬੰਧੀ ਰਾਜ ਸਭਾ ਵਿਚ ਦਿੱਤੇ ਅੰਕੜਿਆਂ ਅਨਸਾਰ ਸਤੰਬਰ 2019 ਤੋਂ ਫਰਵਰੀ 2023 ਦੌਰਾਨ ਪੰਜਾਬ ਵਿਚ ਬਹੁਤ ਥੋੜ੍ਹੇ ਚਲਾਨ ਹੋਏ। ਪੰਜਾਬ ਨੇ ਕੇਵਲ 20.36 ਕਰੋੜ ਜੁਰਮਾਨਾ ਵਸੂਲਿਆ; ਚੰਡੀਗੜ੍ਹ ਨੇ 61 ਕਰੋੜ, ਹਰਿਆਣਾ ਨੇ 997.16 ਕਰੋੜ ਤੇ ਹਿਮਾਚਲ ਨੇ 319.75 ਕਰੋੜ ਜੁਰਮਾਨੇ ਦੀ ਵਸੂਲੀ ਕੀਤੀ।
ਸ੍ਰੀ ਪਰਵੀਨ ਕੋਮਲ ਨੇ ਆਖਿਆ ਕਿ ਭਾਰਤ ਕੋਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕੀ ਨੈਟਵਰਕ ਹੈ, ਜੋ ਕਿ 63.73 ਲੱਖ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। 2014 ਦੇ 18,387 ਕਿਲੋਮੀਟਰ ਦੇ ਮੁਕਾਬਲੇ ਦਸੰਬਰ 2023 ਵਿੱਚ 4-ਲੇਨ ਅਤੇ ਇਸ ਤੋਂ ਉੱਪਰ ਵਾਲੇ ਰਾਜਮਾਰਗਾਂ ਵਿੱਚ 46,179 ਕਿਲੋਮੀਟਰ ਦਾ ਵਾਧਾ ਦੇਖਣ ਦੇ ਨਾਲ ਰਾਸ਼ਟਰੀ ਰਾਜਮਾਰਗਾਂ ਵਿੱਚ ਇੱਕ ਸ਼ਾਨਦਾਰ 60% ਵਾਧਾ ਹੋਇਆ ਹੈ।
ਸੜਕੀ ਟਰਾਂਸਪੋਰਟ ਸੈਕਟਰ ਦਾ 87% ਯਾਤਰੀ ਆਵਾਜਾਈ ਅਤੇ 60% ਮਾਲ ਆਵਾਜਾਈ ਦਾ ਹਿੱਸਾ ਹੈ। ਇਸ ਵੱਡੇ ਤੰਤਰ ਦਾ ਇੰਤਜਾਮ ਕਰਨ ਲਈ ਟਰੈਫਿਕ ਪੁਲਿਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਾਦਸਿਆਂ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਜੇਕਰ ਸਮੁੱਚਾ ਸਮਾਜ ਇਸ ਨੂੰ ਗੰਭੀਰਤਾ ਨਾਲ ਲਵੇ ਤਾਂ ਹਾਦਸਿਆਂ ਅਤੇ ਮੌਤਾਂ ਦੀ ਗਿਣਤੀ ਆਪਣੇ ਆਪ ਹੀ ਘੱਟ ਜਾਵੇਗੀ।
ਇਸ ਮੌਕੇ ਸੂਬਾ ਪ੍ਰਧਾਨ ਰਾਜ ਕੁਮਾਰ ਜਿੰਦਲ ਨੇ ਸਰਕਾਰ ਦੁਆਰਾ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਸਰਕਾਰ ਦਾ ਇਹ ਕੰਮ ਅਤੇ ਪੁਲਿਸ ਦੀ ਨਸ਼ਾ ਤਸਕਰਾਂ ਦੇ ਵਿਰੁੱਧ ਵੱਧ ਰਹੀ ਸਰਗਰਮੀ ਨਸ਼ਿਆਂ ਦੀ ਬਿਮਾਰੀ ਨੂੰ ਰੋਕਣ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤਿਆਗਣ ਅਤੇ ਆਪਣੇ ਆਸੇ ਪਾਸੇ ਨਜ਼ਰ ਰੱਖਦੇ ਹੋਏ ਨਸ਼ਾ ਤਸਕਰਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।