ਮਾਨਸਾ ”ਚ ਮੁੱਖ ਮੰਤਰੀ ਚੰਨੀ ਦੇ ਪੋਸਟਰਾਂ ਤੇ ਕਾਲ਼ਖ਼ ਮਲੀ
ਪੰਜਾਬ ਦੇ ਮਾਲਵਾ ਖ਼ੇਤਰ ’ਚ ਗੁਲਾਬੀ ਸੁੰਡੀ ਦੀ ਮਾਰ ਹੇਠ ਆ ਕੇ ਬਰਬਾਦ ਹੋਈ ਨਰਮੇ ਦੀ ਫ਼ਸਲ ਦਾ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤੇ ਜਾਣ ਤੋਂ ਖਫਾ ਅੱਜ ਭਵਾਨੀਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਸਰਕਾਰ ਖਿਲਾਫ ਐਕਸ਼ਨ ਉਲੀਕਿਆ ਗਿਆ। ਜਿਸ ਤਹਿਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇੱਥੇ ਨਵੇਂ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਉੱਪਰ ਲੱਗੀਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਫੋਟੋਆਂ ਵਾਲੇ ਕਰਜ਼ਾ ਮੁਆਫੀ ਦਾ ਪ੍ਰਚਾਰ ਕਰਦੇ ਫਲੈਕਸ ਬੋਰਡਾਂ ’ਤੇ ਕਾਲਖ ਮਲ ਦਿੱਤੀ।
ਇੱਥੇ ਹੀ ਬੱਸ ਨਹੀਂ ਕਿਸਾਨਾਂ ਨੇ ਲੰਬੀ ਪੌੜੀ ਲਿਆ ਕੇ ਬੱਸ ਸਟੈਂਡ ਤੇ ਲੱਗੇ ਕਰਜ਼ਾ ਮੁਆਫ਼ੀ ਵਾਲੇ ਵੱਡੇ ਫਲੈਕਸ ਬੋਰਡਾਂ ’ਤੇ ਜਿਨ੍ਹਾਂ ਤੇ ਮੁੱਖ ਮੰਤਰੀ ਚੰਨੀ ਅਤੇ ਸੰਗਰੂਰ ਤੋਂ ਵਿਧਾਇਕ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀਆਂ ਫੋਟੋਆਂ ਲੱਗੀਆਂ ਸਨ ਤੇ ਵੀ ਚੜ੍ਹ ਕੇ ਕਾਲਖ ਮਲ ਦਿੱਤੀ। ਇਸ ਮੌਕੇ ਕਿਸਾਨ ਆਗੂਆਂ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ ਤੇ ਹਰਜਿੰਦਰ ਸਿੰਘ ਘਰਾਚੋਂ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਦੇਣ ਸਬੰਧੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਉਨ੍ਹਾਂ ਨੂੰ ਬੇਵਕੂਫ਼ ਬਣਾ ਕੇ ਵੋਟਾਂ ਬਟੋਰਨਾ ਚਾਹੁੰਦੀ ਹੈ। ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਾ ਮਿਲਿਆ ਤਾਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਜਥੇਬੰਦੀ ਵੱਲੋਂ ਘਿਰਾਓ ਕੀਤਾ ਜਾਵੇਗਾ।