ਲਾਲ ਕਿਲਾ ‘ਤੇ ਝੰਡਾ: SFJ ਵੱਲੋਂ ਐਵਾਰਡ ਦੇਣ ਦਾ ਐਲਾਨ, ਮੁੰਡੇ ਦਾ ਪਰਿਵਾਰ ਪਿੰਡ ਛੱਡ ਕੇ ਗਾਇਬ
ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਸੰਗਠਨ ਸਿਖਸ ਫਾਰ ਜਸਟਿਸ ਨੇ ਛੱਬੀ ਜਨਵਰੀ ਵਾਲੇ ਦਿਨ ਲਾਲ ਕਿਲੇ ਉੱਪਰ ਸਿੱਖ ਧਾਰਮਿਕ ਨਿਸ਼ਾਨ ਝੁਲਾਏ ਜਾਣ ਦੀ ਹਮਾਇਤ ਵਿੱਚ ਇੱਕ ਨੌਂ ਮਿੰਟ ਦੀ ਵੀਡੀਓ ਜਾਰੀ ਕੀਤੀ ਹੈ।
ਸੰਗਠਨ ਨੇ ਆਪਣੇ ਐਲਾਨ ਮੁਤਾਬਕ ਇਹ ਕਾਰਵਾਈ ਕਰਨ ਵਾਲੇ ਮੁੰਡਿਆਂ ਨੂੰ ਸਾਢੇ ਤਿੰਨ ਲੱਖ ਅਮਰੀਕੀ ਡਾਲਰ ਦੇਣ ਦਾ ਐਲਾਨ ਵੀ ਕੀਤਾ ਹੈ।
ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਲਾਉਣ ਵਾਲੇ ਮੁੰਡੇ ਦੇ ਪਰਿਵਾਰ ਅਤੇ ਰਿਸ਼ਤੇਦਾਰ ਜੋ ਕਿ ਪਹਿਲਾਂ ਉਸ ਦੀ ਇਸ ਕਾਰਵਾਈ ਤੋਂ ਕੁਝ ਸਮੇਂ ਲਈ ਉਤਸ਼ਾਹਿਤ ਦਿਖਾਈ ਦੇ ਰਹੇ ਸਨ ਹੁਣ ਆਪਣਾ ਪਿੰਡ ਛੱਡ ਕੇ ਚਲੇ ਗਏ ਹਨ।
23 ਸਾਲਾ ਜੁਗਰਾਜ ਸਿੰਘ ਤਰਨਾਤਾਰਨ ਦੇ ਵਾਂ ਤਾਰਾ ਸਿੰਘ ਪਿੰਡ ਦਾ ਰਹਿਣ ਵਾਲਾ ਹੈ। ਜਿਸ ਨੇ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਝੁਲਾਇਆ ਸੀ। ਅਖ਼ਬਾਰ ਮੁਤਾਬਕ ਉਸ ਦਾ ਪਰਿਵਾਰ ਪਛਤਾਵੇ ਅਤੇ ਪੁਲਿਸ ਕਾਰਵਾਈ ਦੇ ਭੈਅ ਵਿੱਚ ਪਿੰਡ ਛੱਡ ਕੇ ਗਿਆ ਹੈ।
ਪੁਲਿਸ ਕਿੰਨ੍ਹਾਂ-ਕਿੰਨ੍ਹਾਂ ਦੇ ਨਾਂਅ ਐੱਫ਼ਾਈਆਰ ਵਿੱਚ ਸ਼ਾਮਲ ਕੀਤੇ
26 ਜਨਵਰੀ ਨੂੰ ਲਾਲ ਕਿਲੇ ਵਿੱਚ ਵਾਪਰੀ ਹਿੰਸਾ ਦੇ ਮਾਮਲੇ ਵਿੱਚ ਐਫ਼ਾਈਆਰ ਦਰਜ ਕਰ ਲਈ ਗਈ ਹੈ।
ਇਸ ਵਿੱਚ ਗੈਂਗਸਟਰ ਤੋਂ ਕਾਰਕੁਨ ਬਣੇ ਲੱਖਾ ਸਿਧਾਣਾ ਅਤੇ ਐਕਟਰ ਦੀਪ ਸਿੱਧੂ ਦੇ ਨਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡ਼ਾ ਦਰਸ਼ਨਪਾਲ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਡੀਸੀਪੀ ਹੈਡਕੁਆਰਟਰ ਚਿੰਨਮਯ ਬਿਸਵਾਲ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਵਿੱਚ ਨੋਟਿਸ ਦਾ ਜਵਾਬ ਦੇਣ ਅਤੇ ਇਨ੍ਹਾਂ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਆਪਣੇ ਸੰਗਠਨ ਨਾਲ ਜੁੜੇ ਲੋਕਾਂ ਦੇ ਨਾਂਅ ਦੱਸਣ ਨੂੰ ਵੀ ਕਿਹਾ ਹੈ।
ਫ਼ਆਈਆਰ ਵਿੱਚ 35 ਜਣਿਆਂ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਵਿੱਚ ਉਪਰੋਕਤ ਤੋਂ ਬਿਨਾਂ ਕਿਸਾਨ ਆਗੂ ਰਾਕੇਸ਼ ਟਿਕੈਤ, ਯੋਗਿੰਦਰ ਯਾਦਵ, ਸਮਾਜਿਕ ਕਾਰਕੁਨ ਮੇਧਾ ਪਾਟੇਕਰ ਦੇ ਨਾਂ ਸ਼ਾਮਲ ਹਨ।
ਐੱਫਆਈਆਰ ਵਿੱਚ ਕਤਲ ਦੀ ਕੋਸ਼ਿਸ਼, ਇਤਿਹਾਸਕ ਯਾਦਗਾਰ ਨੂੰ ਨੁਕਸਾਨਣ, ਲੁੱਟ,ਡਕੈਤੀ,ਪੁਲਿਸ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਣ ਅਤੇ ਦੰਗਾ ਭੜਕਾਉਣ ਨਾਲ ਜੁੜੀਆਂ ਧਾਰਾਵਾਂ ਲਾਈਆਂ ਗਈਆਂ ਹਨ।