ਤਿੰਨ ਹਫ਼ਤੇ ਪਹਿਲਾਂ ਬੱਸ ਚੋਂ ਖਿੱਚ ਕੇ ਲਾਹ ਕੇ ਬੇਇੱਜ਼ਤ ਕੀਤੀ ਗਈ ਮਹਿਲਾ ਦੀ ਕੋਈ ਸੁਣਵਾਈ ਨਹੀਂ ਕੀਤੀ ਡੀ ਐੱਸ ਪੀ ਪਾਤੜਾਂ ਨੇ
ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮਾਨ ਸਨਮਾਨ ਲਈ ਪ੍ਰੋਗਰਾਮ ਉਲੀਕੇ ਜਾਂਦੇ ਹਨ ਪਰ ਪੀ ਆਰ ਟੀ ਸੀ ਦੇ ਕਰਮਚਾਰੀ ਮਹਿਲਾ ਸਵਾਰੀਆਂ ਨਾਲ ਅਪਮਾਨਜਨਕ ਤਰੀਕੇ ਨਾਲ ਪੇਸ਼ ਆ ਰਹੇ ਹਨ ਅਤੇ ਹਾਲੇ ਤੱਕ ਉਸ ਮਹਿਲਾ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਨੂੰ ਪੀ.ਆਰ.ਟੀ.ਸੀ ਬੱਸ ਨੰਬਰ ਪੀ.ਬੀ.65 ਏਡੀ 1205 ਦੇ ਕੰਡਕਟਰ ਨੇ ਗਲਤ ਜਗ੍ਹਾ ‘ਤੇ ਅਸ਼ਲੀਲ ਢੰਗ ਨਾਲ ਛੂਹਦੇ ਹੋਏ ਉਸ ਦੇ ਦੁਪੱਟੇ ਨਾਲ ਬੁਰੀ ਤਰ੍ਹਾਂ ਘਸੀਟ ਕੇ ਥੱਪੜ ਮਾਰਿਆ ਅਤੇ ਧੱਕਾ ਦਿੱਤਾ ਸੀ | ਕੰਡਕਟਰ ਨੇ ਉਸ ਔਰਤ ਨੂੰ ਬੱਸ ਤੋਂ ਹੇਠਾਂ ਸੁੱਟ ਕੇ ਉਸ ਨੂੰ ਗਾਲੀ-ਗਲੋਚ ਕਰਦੇ ਹੋਏ ਕਿਹਾ ਸੀ ਕਿ ਬੱਸ ਤੇਰੇ ਬਾਪ ਦੀ ਨਹੀਂ, ਸਾਡੀ ਹੈ, ਅਸੀਂ ਮੁਫ਼ਤ ਵਿਚ ਔਰਤਾਂ ਨੂੰ ਢੋਣ ਦਾ ਠੇਕਾ ਨਹੀਂ ਲਿਆ ਹੈ। ਜ਼ਿਕਰਯੋਗ ਹੈ ਕਿ ਜਿਵੇਂ ਹੀ ਮਹਿਲਾ ਨੂੰ ਬੱਸ ‘ਚੋਂ ਉਤਾਰਿਆ ਗਿਆ ਤਾਂ ਡਰਾਈਵਰ ਨੇ ਬੱਸ ਨੂੰ ਭਜਾ ਲਿਆ।ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜੇਕਰ ਔਰਤ ਅਚਾਨਕ ਪਿੱਛੇ ਨਾ ਮੁੜਦੀ ਤਾਂ ਸ਼ਾਇਦ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਜਾਂਦੀ। ਜਦੋਂ ਪੀੜਤ ਪਰਿਵਾਰ ਦੇ ਦੋ-ਤਿੰਨ ਲੋਕ ਬੱਸ ਸਟੈਂਡ ‘ਤੇ ਪੁੱਜੇ ਅਤੇ ਅੱਡਾ ਇੰਚਾਰਜ ਨੂੰ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਚਾਹੀਦਾ ਤਾਂ ਇਹ ਸੀ ਕਿ ਉਸ ਔਰਤ ਦੀ ਸ਼ਿਕਾਇਤ ਦਾ ਨੋਟਿਸ ਲਿਆ ਜਾਂਦਾ, ਪਰ ਉਲਟਾ ਚੋਰ ਕੋਤਵਾਲ ਨੂੰ ਝਿੜਕਣ ਦੀ ਤਰਜ਼ ‘ਤੇ ਉਸ ਪੀੜਤ ਔਰਤ ਅਤੇ ਉਸ ਦੇ ਰਿਸ਼ਤੇਦਾਰਾਂ ‘ਤੇ ਕੁੱਟਮਾਰ ਕਰਨ ਦੇ ਦੋਸ਼ ‘ਚ ਪਟਿਆਲਾ ‘ਚ ਐੱਫ.ਆਈ.ਆਰ. ਕਰ ਦਿੱਤੀ ਗਈ। ਉਕਤ ਔਰਤ ਆਪਣੇ ਨਾਲ ਵਾਪਰੀ ਇਸ ਦਰਦਨਾਕ ਘਟਨਾ ਨੂੰ ਲੈ ਕੇ ਕਈ ਵਾਰ ਪਾਤੜਾਂ ਥਾਣੇ ਜਾ ਚੁੱਕੀ ਹੈ ਅਤੇ ਜ਼ਲਾਲਤ ਅਤੇ ਬੇਇੱਜ਼ਤੀ ਦਾ ਸ਼ਿਕਾਰ ਹੋਈ ਔਰਤ ਆਪਣੇ ਨਾਲ ਹੋਈ ਬੇਇਨਸਾਫੀ ਦਾ ਇਨਸਾਫ ਲੈਣ ਲਈ ਦਰ ਦਰ ਭਟਕਣ ਲਈ ਮਜਬੂਰ ਹੈ। ਇੱਕ ਪਾਸੇ ਪੰਜਾਬ ਸਰਕਾਰ ਮਹਿਲਾ ਸਸ਼ਕਤੀਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਤੇ ਦੂਜੇ ਪਾਸੇ ਕੁਝ ਸਰਕਾਰੀ ਮੁਲਾਜ਼ਮ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਸਾਬੋਤਾਜ ਕਰਨ ਦਾ ਕੰਮ ਕਰ ਰਹੇ ਹਨ। ਇਸ ਘਟਨਾ ਨੂੰ ਲੈ ਕੇ ਸਮੂਹ ਮਹਿਲਾ ਸੰਗਠਨਾਂ ‘ਚ ਭਾਰੀ ਗੁੱਸੇ ਦੀ ਭਾਵਨਾ ਹੈ ਅਤੇ ਇਸ ਘਟਨਾ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਵੀ ਕੀਤੇ ਜਾਣ ਸਬੰਧੀ ਖ਼ਬਰ ਮਿਲੀ ਹੈ। ਪੁਲੀਸ ਨੇ ਔਰਤ ਦੇ ਰਿਸ਼ਤੇਦਾਰਾਂ ਖ਼ਿਲਾਫ਼ ਤਾਂ ਪਰਚਾ ਦਰਜ ਕਰ ਲਿਆ ਹੈ ਪਰ ਇਸ ਘਟਨਾ ਪਿੱਛੇ ਕਾਰਨਾਂ ਨੂੰ ਜਾਣਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ ਕਿਉਂਕਿ ਪੀੜਤ ਔਰਤ ਇਕੱਲੀ ਹੈ ਅਤੇ ਉਸ ’ਤੇ ਤਸ਼ੱਦਦ ਕਰਨ ਵਾਲੇ ਕੰਡਕਟਰ ਦੇ ਨਾਲ ਯੂਨੀਅਨ ਦੀ ਵੱਡੀ ਫੌਜ ਵੀ ਮੌਜੂਦ ਹੈ।
ਹੁਣ ਵੇਖਣਾ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਔਰਤਾਂ ਦੇ ਸਨਮਾਨ ਦੀ ਰਾਖੀ ਲਈ ਅਜਿਹੇ ਆਪ ਹੁਦਰੇ ਕਰਮਚਾਰੀ ਨੂੰ ਨੱਥ ਪਾਵੇਗੀ ਜਾਂ ਨਹੀਂ।