ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਪਟਿਆਲਾ ਪੁਲਿਸ ਨੇ ਲਾਏ ਪੋਸਟਰ
Amritpal Singh: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬੁਝਾਰਤ ਬਣੀ ਹੋਈ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਹੁਣ ਨਵਾਂ ਪੈਂਤੜਾ ਖੇਡ ਰਹੀ ਹੈ। ਪੁਲਿਸ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਲੋਕਾਂ ਤੋਂ ਸਹਿਯੋਗ ਮੰਗ ਰਹੀ ਹੈ। ਇਸ ਲਈ ਇਨਾਮ ਦਾ ਲਾਲਚ ਵੀ ਦਿੱਤਾ ਜਾ ਰਿਹਾ ਹੈ।
ਇਸ ਤਹਿਤ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਾ ਕੇ ਲੋਕਾਂ ਤੋਂ ਸਹਿਯੋਗ ਮੰਗ ਰਹੀ ਹੈ। ਬਟਾਲਾ ਤੇ ਅੰਮ੍ਰਿਤਸਰ ਮਗਰੋਂ ਹੁਣ ਪਟਿਆਲਾ ਵਿੱਚ ਵੀ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਾਏ ਗਏ ਹਨ। ਇਹ ਪੋਸਟਰ ਪਟਿਆਲਾ ਦੇ ਦੁਖ ਨਿਵਾਰਨ ਗੁਰਦੁਆਰੇ ਦੇ ਬਾਹਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਸੂਚਨਾ ਦੇਣ ਵਾਲੇ ਨੂੰ ਯੋਗ ਇਨਾਮ ਦੇਣ ਦੀ ਗੱਲ ਕਹੀ ਗਈ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਬਟਾਲਾ ਤੇ ਫਿਰ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਗਏ ਸਨ। ਉਸ ਤੋਂ ਬਾਅਦ ਇਹ ਪੋਸਟਰ ਅਟਾਰੀ ਬਾਰਡਰ ‘ਤੇ ਹੀ ਚਿਪਕਾਏ ਗਏ ਸੀ। ਹੁਣ ਇਹ ਪੋਸਟਰ ਪਟਿਆਲਾ ਵਿੱਚ ਵੀ ਲਗਾ ਦਿੱਤੇ ਗਏ ਹਨ। ਪੁਲਿਸ ਨੇ ਦੋ ਫ਼ੋਨ ਨੰਬਰ 9872575156 ਤੇ 8288075637 ਜਾਰੀ ਕੀਤੇ ਹਨ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ 18 ਮਾਰਚ ਨੂੰ ਫਰਾਰ ਹੋਏ ਸਨ। ਪੁਲਿਸ ਮੁਤਾਬਕ ਪਪਲਪ੍ਰੀਤ ਸਿੰਘ ਹੀ ਅੰਮ੍ਰਿਤਪਾਲ ਸਿੰਘ ਨੂੰ ਛੁਪਾਉਣ ਵਿੱਚ ਮਦਦ ਕਰ ਰਿਹਾ ਸੀ। ਅੰਮ੍ਰਿਤਪਾਲ ਸਿੰਘ ਜਿਨ੍ਹਾਂ ਲੋਕਾਂ ਕੋਲ ਵੀ ਗਿਆ, ਉਹ ਸਾਰੇ ਪਪਲਪ੍ਰੀਤ ਸਿੰਘ ਦੇ ਕਰੀਬੀ ਸਨ। ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪੁਲਿਸ ਅੰਮ੍ਰਿਤਪਾਲ ਸਿੰਘ ‘ਤੇ ਦਬਾਅ ਵਧਾ ਰਹੀ ਹੈ।