ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ ਪਰਿਵਾਰਾਂ ਸਮੇਤ ਮੁਜਾਹਰਾ

Report : Parveen Komal

ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਸਬੰਧ ਵਿੱਚ ਪਾਵਰਕੌਮ ਦੇ ਮੁੱਖ ਦਫਤਰ ਸਾਹਮਣੇ ਪਰਿਵਾਰਾਂ ਸਮੇਤ ਵਿਸ਼ਾਲ ਧਰਨਾ ਦੇਣ ਉਪਰੰਤ ਵੱਖ ਵੱਖ ਬਜਾਰਾਂ ਵਿਚੋਂ ਦੀ ਫੁਹਾਰਾ ਚੌਂਕ ਤੱਕ ਰੋਹ ਭਰਪੂਰ ਨਾਅਰੇ ਮਾਰਦੇ ਹੋਏ ਮੁਜਾਹਰਾ ਕੀਤਾ।

ਇਸ ਧਰਨੇ/ਮੁਜਾਹਰੇ ਵਿੱਚ ਬਿਜਲੀ ਕਾਮਿਆਂ ਤੋਂ ਇਲਾਵਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਰਿਟਾਇਰੀ ਸਾਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਕਿ੍ਸ਼ਨ ਸਿੰਘ ਔਲਖ ਅਤੇ ਸੂਬਾ ਸਹਾਇਕ ਸਕੱਤਰ ਜਸਵਿੰਦਰ ਸਿੰਘ ਖੰਨਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬਿਜਲੀ ਖੇਤਰ ਜਿਸ ਦੀ ਉਸਾਰੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਉਨ੍ਹਾਂ ਦੀ ਭਲਾਈ ਦੇ ਨਾਂਅ ਹੇਠ ਕੀਤੀ ਗਈ ਸੀ। ਇਸ ਸਮੇਂ ਭਾਰਤੀ ਸਰਕਾਰ ਵੱਲੋਂ , ਸਾਮਰਾਜੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਮੁਨਾਫ਼ੇ ਦੀਆਂ ਲੋੜਾਂ ਨੂੰ ਮੁੱਖ ਰੱਖਕੇ ਇਸ ਦੇ ਨਿਜੀਕਰਨ ਦਾ ਅਮਲ ਸ਼ੁਰੂ ਕੀਤਾ ਗਿਆ ਹੈ। ਇਸ ਰਾਹ ਤੇ ਚਲਦਿਆਂ ਪੰਜਾਬ ਸਰਕਾਰ ਨੇ ਮੁਰੰਮਤ ਅਤੇ ਉਸਾਰੀ ਦੇ ਖੇਤਰ ਵਿੱਚ ਆਊਟਸੋਰਸਡ ਲੇਬਰ ਕੰਮ ਪ੍ਰਣਾਲੀ ਨੂੰ ਲਾਗੂ ਕਰਕੇ ਨਿੱਜੀ ਕਾਰੋਬਾਰੀਆਂ ਲਈ ਇਸ ਵਿੱਚ ਕਾਰੋਬਾਰ ਕਰਨ ਲਈ ਇਸ ਦੇ ਬੂਹੇ ਚੋੜ- ਚੱਪਟ ਖੋਲ੍ਹ ਦਿੱਤੇ ਗਏ ਹਨ। ਆਊਟਸੋਰਸਡ ਕਾਮਾ ਭਰਤੀ ਦਾ ਨਿਯਮ ਲਾਗੂ ਕਰਕੇ ਪੱਕੇ ਕੰਮ ਖੇਤਰ ਵਿੱਚ ਕਾਮਿਆਂ ਨੂੰ ਪੱਕਾ ਰੋਜ਼ਗਾਰ ਦੇਣ ਦੀ ਆਪਣੀ ਜ਼ਿਮੇਵਾਰੀ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਗਿਆ। ਕੰਮ ਭਾਰ ਮੁਤਾਬਕ ਅਸਾਮੀਆਂ ਦੀ ਰਚਨਾ ਕਰਨ ਦੀ ਨੀਤੀ ਨੂੰ ਰੱਦ ਕਰਕੇ ਹਜ਼ਾਰਾਂ ਹੀ ਪੱਕੇ ਰੋਜ਼ਗਾਰ ਦੇ ਮੋਕੇ ਉਜਾੜ ਕੇ ਬੇਰੁਜ਼ਗਾਰਾਂ ਵਿੱਚ ਵਾਧਾ ਕੀਤਾ ਗਿਆ। ਸੀ.ਆਰ.ਏ. 295/19 ਤਹਿਤ ਭਰਤੀ ਕਾਮਿਆਂ ਦੀ ਉੱਚ ਯੋਗਤਾ ਦੇ ਬਾਵਜੂਦ ਉਨ੍ਹਾਂ ਦੀ ਹੇਠਲੇ ਅਹੁਦਿਆਂ ਤੇ ਭਰਤੀ ਦੀ ਨੀਤੀ ਲਾਗੂ ਕਰਕੇ ਘੱਟ ਤਨਖਾਹ ਤੇ ਵਾਧੂ ਕੰਮ ਲੈਣ ਦੀ ਨੀਤੀ ਲਾਗੂ ਕੀਤੀ ਗਈ, ਤਿੰਨ ਸਾਲ ਦਾ ਪਰਖਕਾਲ ਸਮਾਂ ਪੂਰਾ ਕਰਨ ਦੇ ਬਾਵਜੂਦ ਅਦਾਲਤੀ ਕੇਸ ਦੇ ਬਹਾਨੇ ਹੇਠ ਧੱਕੇ ਦੇ ਜੋਰ ਰੈਗੂਲਰ ਕਰਨ ਅਤੇ ਪੂਰੇ ਤਨਖਾਹ ਸਕੇਲ ਲਾਗੂ ਕਰਨ ਤੇ ਰੋਕ ਲਗਾਈ ਗਈ ਹੈ, ਲੇਬਰ ਕਨੂੰਨਾਂ ਵਿੱਚ ਮੁਲਾਜ਼ਮ ਵਿਰੋਧੀ ਸੋਧਾਂ ਕਰਕੇ ਸੰਘਰਸ਼ ਦੇ ਜ਼ੋਰ ਹਾਸਲ ਕੀਤੇ ਟਰੇਡ ਯੂਨੀਅਨ ਅਧਿਕਾਰਾਂ ਦੀ ਕੱਟ ਵੱਢ ਅਤੇ ਛਾਂਗ ਤਰਾਸ਼ ਕਰਕੇ ਲੋਕਾਂ ਦੇ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਹੱਕਾਂ ਨੂੰ ਬੇਅਸਰ ਬਣਾਉਣ ਦਾ ਨੰਗਾ ਚਿੱਟਾ ਅਮਲ ਲਾਗੂ ਕੀਤਾ ਗਿਆ। ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੈਨਸ਼ਨਰੀ ਲਾਭ ਤੋਂ ਵੀ ਵਾਂਝੇ ਕਰ ਦਿੱਤਾ ਗਿਆ। ਜਥੇਬੰਦੀ ਨਾਲ ਫੈਸਲਾ ਕਰਨ ਦੇ ਬਾਵਜੂਦ ਡਿਸਮਿਸ ਸਾਥੀਆਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ, ਵਿਕਟੇਮਾਈਜੇਸ਼ਨਾਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ, ਮੋਹਾਲੀ ਸਰਕਲ ਪ੍ਰਧਾਨ ਦੀ ਸਿਆਸੀ ਆਧਾਰ ਤੇ ਕੀਤੀ ਬਦਲੀ ਰੱਦ ਨਹੀਂ ਕੀਤੀ ਜਾ ਰਹੀ, ਬਿਜਲੀ ਖੇਤਰ ਵਿੱਚ ਕੰਮ ਕਰਦੇ ਠੇਕਾ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਮੀਟਿੰਗ ਦੇ ਕੇ ਹੱਲ ਨਹੀਂ ਕੀਤਾ ਜਾ ਰਿਹਾ।

ਇਸ ਹਾਲਤ ਵਿੱਚ ਮੈਨੇਜਮੈਂਟ ਅਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੀੜਤ ਮੁਲਾਜ਼ਮਾਂ ਦੀ ਗੱਲ ਸੁਣ ਕੇ ਉਨ੍ਹਾਂ ਦੀਆਂ ਗੰਭੀਰ ਅਤੇ ਅਹਿਮ ਸਮਸਿਆਵਾਂ ਦਾ ਹੱਲ ਕਰੇ। ਪਰ ਸਰਕਾਰ ਅਤੇ ਮੈਨੇਜਮੈਂਟ ਜਿਸਦੇ ਨੋਟਿਸ ਵਿੱਚ ਇਨ੍ਹਾਂ ਸਮੱਸਿਆਵਾਂ ਨੂੰ ਲਿਆ ਕੇ ਬਿਜਲੀ ਮੁਲਾਜ਼ਮ ਵਾਰ ਵਾਰ ਇਨ੍ਹਾਂ ਦੇ ਹੱਲ ਦੀ ਮੰਗ ਕਰਦੇ ਆਏ ਹਨ, ਸਰਕਾਰ ਅਤੇ ਮੈਨੇਜਮੈਂਟ ਉਨ੍ਹਾਂ ਦੀਆਂ ਸਮਸਿਆਵਾਂ ਦਾ ਹੱਲ ਤਾਂ ਦੂਰ ਦੀ ਗੱਲ ਰਹੀ ਗੱਲ ਸੁਣਨ ਲਈ ਸਮਾਂ ਦੇਣ ਲਈ ਵੀ ਤਿਆਰ ਨਹੀਂ ਹੈ। ਉਲਟਾ ਮੁੱਖ ਮੰਤਰੀ ਪੰਜਾਬ ਝੂਠ ਅਤੇ ਧੋਖੇ ਦੇ ਪ੍ਰਚਾਰ ਰਾਹੀਂ ਸੰਘਰਸ਼ਸ਼ੀਲ ਮੁਲਾਜ਼ਮਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਇਕ ਦੂਸਰੇ ਵਿਰੁੱਧ ਭੜਕਾ ਕੇ ਸੰਘਰਸ਼ਾਂ ਨੂੰ ਕੁਚਲਣ ਦੀਆਂ ਸਾਜ਼ਿਸ਼ਾਂ ਰਚਣ ਲਈ ਸਿਰੇ ਦਾ ਜ਼ੋਰ ਲਾ ਰਿਹਾ ਹੈ। ਆਗੂਆਂ ਨੇ ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਅਪੀਲ ਕੀਤੀ ਕਿ ਧਰਨੇ ਮੁਜਾਹਰੇ ਕਰਨਾ ਸਾਡਾ ਸ਼ੋਂਕ ਨਹੀਂ, ਇਹ ਬਿਜਲੀ ਮੁਲਾਜ਼ਮਾਂ ਦੀ ਮਜਬੂਰੀ ਹੈ ਜ਼ੋ ਪੰਜਾਬ ਸਰਕਾਰ ਵੱਲੋਂ ਪੈਦਾ ਕੀਤੀ ਗਈ ਹੈ। ਆਗੂਆਂ ਨੇ ਸਮੂਹ ਮੁਲਾਜ਼ਮਾਂ ਨੂੰ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਸੱਦਾ ਦਿੱਤਾ।
ਧਰਨੇ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਖੁੰਡਾ, ਮੀਤ ਪ੍ਰਧਾਨ ਚੰਦਰ ਸ਼ਰਮਾ, ਦਫਤਰੀ ਸਕੱਤਰ ਮਲਕੀਅਤ ਸਿੰਘ ਸੈਂਸਰਾ, ਖਜਾਨਚੀ ਸੰਤੋਖ ਸਿੰਘ, ਚੀਫ ਆਰਗੇਨਾਈਜਰ ਭੁਪਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ ਕਟਾਰੀਆ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂ, ਪੈਨਸ਼ਨਰਜ਼ ਆਗੂ ਬਲਤੇਜ ਸਿੰਘ ਨੇ ਸੰਬੋਧਨ ਕੀਤਾ.

Leave a Reply

Your email address will not be published. Required fields are marked *