ਚੜ੍ਹਦੀਕਲਾ ਟਾਈਮ ਟੀ.ਵੀ. ਦੇ ਡਾਇਰੈਕਟਰ ਸਤਬੀਰ ਸਿੰਘ ਦਰਦੀ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ

Report : Rakhi

ਚੜ੍ਹਦੀਕਲਾ ਟਾਈਮ ਟੀ.ਵੀ. ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਦੇ ਸਪੁੱਤਰ ਸਤਬੀਰ ਸਿੰਘ ਦਰਦੀ, ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਈ। ਇਸ ਦੌਰਾਨ ਬੁਲਾਰਿਆਂ ਵੱਲੋਂ ਸਤਬੀਰ ਸਿੰਘ ਦੇ ਅਕਾਲ ਚਲਾਣੇ ਨੂੰ ਪਰਿਵਾਰ ਦੇ ਨਾਲ-ਨਾਲ ਮੀਡੀਆ ਤੇ ਸਮਾਜ ਲਈ ਵੱਡਾ ਘਾਟਾ ਦੱਸਿਆ ਗਿਆ।
ਅੰਤਿਮ ਅਰਦਾਸ ਦੇ ਇਸ ਵਿਸ਼ਾਲ ਸਮਾਗਮ ਮੌਕੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਭਾਈ ਅਮਰਜੀਤ ਸਿੰਘ ਦੇ ਜਥੇ ਵੱਲੋਂ ਕੀਤਾ ਗਿਆ। ਅੰਤਿਮ ਅਰਦਾਸ  ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈਡਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਭਾਈ ਸਾਹਿਬ ਸਿੰਘ ਮਾਰਕੰਡਾ ਵਾਲੇ ਨੇ ਲਿਆ। ਜਦਕਿ ਵੱਡੀ ਗਿਣਤੀ ਸਿਆਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਮੀਡੀਆ ਜਗਤ ਦੀਆਂ ਉੱਘੀਆਂ ਹਸਤੀਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸਤਬੀਰ ਸਿੰਘ ਦਰਦੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ. ਜਗਜੀਤ ਸਿੰਘ ਦਰਦੀ, ਸ੍ਰੀਮਤੀ ਜਸਵਿੰਦਰ ਕੌਰ ਦਰਦੀ, ਸਤਬੀਰ ਸਿੰਘ ਦੀ ਪਤਨੀ ਡਾ. ਗੁਰਲੀਨ ਕੌਰ, ਬੇਟੀ ਜਪੁਜੀ ਕੌਰ ਤੇ ਬੇਟਾ ਏਕਬੀਰ ਸਿੰਘ ਸਮੇਤ ਸਮੂਹ ਪਰਿਵਾਰ ਨੇ ਇੱਕ ਹੀਰਾ ਗੁਆ ਲਿਆ ਹੈ।
ਸ. ਧਰਮਸੋਤ ਨੇ ਕਿਹਾ ਕਿ ਸਤਬੀਰ ਸਿੰਘ ਨੇ ਛੋਟੀ ਉਮਰੇ ਹੀ ਚੜ੍ਹਦੀਕਲਾ ਅਦਾਰੇ ਨੂੰ ਚੜ੍ਹਦੀਕਲਾ ‘ਚ ਪਹੁੰਚਾਉਣ ਅਤੇ ਗੁਰਬਾਣੀ ਦੇ ਪ੍ਰਸਾਰ ਪ੍ਰਸਾਰ ਲਈ ਬਹੁਤ ਵੱਡੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤਬੀਰ ਸਿੰਘ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਤਾਂ ਵੱਡਾ ਘਾਟਾ ਪਿਆ ਹੀ ਹੈ ਬਲਕਿ ਮੀਡੀਆ ਜਗਤ ਤੇ ਸਮਾਜ ਨੂੰ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਅਜੀਤ ਪ੍ਰਕਾਸ਼ਨ ਸਮੂਹ ਦੇ ਮੁਖੀ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੀ ਸੰਵੇਦਨਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਤਬੀਰ ਸਿੰਘ ਦਰਦੀ ਤੋਂ ਮੀਡੀਆ ਜਗਤ ਸਮੇਤ ਦਰਦੀ ਪਰਿਵਾਰ ਤੇ ਸਮਾਜ ਨੂੰ ਬਹੁਤ ਵੱਡੀਆਂ ਆਸਾਂ ਸਨ, ਕਿਉਂਕਿ ਉਹ ਬਹੁਤ ਹੀ ਲਾਇਕ, ਹੋਣਹਾਰ ਤੇ ਉਦਮੀ ਨੌਜਵਾਨ ਸੀ, ਜਿਸ ਨੇ ਛੋਟੀ ਵੱਡੀਆ ਪੁਲਾਂਘਾਂ ਪੁੱਟੀਆਂ ਸਨ।
ਇਸ ਮੌਕੇ ਸੰਤ ਸਮਾਜ ਦੀ ਤਰਫ਼ੋਂ ਮਹੰਤ ਕਰਮਜੀਤ ਸਿੰਘ ਯਮੁਨਾਨਗਰ ਵਾਲਿਆਂ ਨੇ ਸਤਬੀਰ ਸਿੰਘ ਦਰਦੀ ਨਮਿਤ ਮੂਲ ਮੰਤਰ ਦਾ ਪਾਠ ਕਰਵਾਇਆ ਤੇ ਦਰਦੀ ਪਰਿਵਾਰ ਵੱਲੋਂ ਟਾਈਮ ਟੀਵੀ ਦੇ ਜਰੀਏ ਕੀਤੀ ਜਾ ਰਹੀ ਸਿੱਖ ਪੰਥ ਦੀ ਸੇਵਾ ਦੀ ਸ਼ਲਾਘਾ ਕੀਤੀ। ਜਦੋਂਕਿ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਦਰਦੀ ਪਰਿਵਾਰ ਵੱਲੋਂ ਮੀਡੀਆ ਦੇ ਨਾਲ-ਨਾਲ ਸਿੱਖਿਆ ਜਗਤ ‘ਚ ਪਾਏ ਯੋਗਦਾਨ ਦੀ ਚਰਚਾ ਕਰਦਿਆਂ ਸਤਬੀਰ ਸਿੰਘ ਦਰਦੀ ਵੱਲੋਂ ਛੋਟੀ ਉਮਰੇ ਮੀਡੀਆ ‘ਚ ਪਾਏ ਵੱਡੇ ਯੋਗਦਾਨ ਦੀ ਸ਼ਲਾਘਾ ਕੀਤੀ।
ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬੀ ਪ੍ਰੈਸ ਵੱਲੋਂ ਦੇਸ਼ ਦੇ ਵਿਕਾਸ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ‘ਚ ਪਾਏ ਜਾ ਯੋਗਦਾਨ ਦੇ ਸੰਦਰਭ ‘ਚ ਚੜ੍ਹਦੀਕਲਾ ਅਦਾਰੇ ਅਤੇ ਸ. ਜਗਜੀਤ ਸਿੰਘ ਦਰਦੀ ਤੇ ਸਤਬੀਰ ਸਿੰਘ ਦਰਦੀ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਬਾਮਿਸਾਲ ਦੱਸਿਆ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ ਚੜ੍ਹਦੀਕਲਾ ਅਦਾਰੇ ਦੇ ਸ਼ੁਰੂਆਤੀ ਸਮੇਂ ਤੋਂ ਲੈਕੇ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਅਤੇ ਸ. ਜਗਜੀਤ ਸਿੰਘ ਦਰਦੀ ਦੇ ਛੋਟੇ ਸਪੁੱਤਰ ਸ. ਸਤਬੀਰ ਸਿੰਘ ਦਰਦੀ ਵੱਲੋਂ ਕਿਸ ਤਰ੍ਹਾਂ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਸੰਸਦ ਦੀ ਪ੍ਰੈਸ ਕਮੇਟੀ, ਪ੍ਰੈਸ ਕੌਂਸਲ ਆਫ਼ ਇੰਡੀਆ ‘ਚ ਸ. ਦਰਦੀ ਵੱਲੋਂ ਥਾਂ ਬਣਾਉਣੀ ਅਤੇ ਸਤਬੀਰ ਸਿੰਘ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਮੌਕੇ ਮੀਡੀਆ ਕਵਰੇਜ ਕਰਨ ਸਬੰਧੀਂ ਚਰਚਾ ਕੀਤੀ।
ਇਸੇ ਤਰ੍ਹਾਂ ਜਾਗੋ ਪਾਰਟੀ ਦਿੱਲੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਅਤੇ ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਵੀ ਚੜ੍ਹਦੀਕਲਾ ਟਾਈਮ ਟੀਵੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਜਰੀਏ ਕੀਤੀ ਪੰਥ ਦੀ ਮਹਾਨ ਸੇਵਾ ਦੀ ਸ਼ਲਾਘਾ ਕੀਤੀ ਅਤੇ ਸ. ਸਤਬੀਰ ਸਿੰਘ ਦਰਦੀ ਵੱਲੋਂ ਇਸ ਪ੍ਰਸਾਰਨ ਨੂੰ ਸ਼ੁਰੂ ਕੀਤੇ ਜਾਣ ਦੇ ਸਮੇਂ ਨੂੰ ਯਾਦ ਕੀਤਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੋ ਕੰਮ ਸਤਬੀਰ ਸਿੰਘ ਦਰਦੀ ਆਪਣੀ ਛੋਟੀ ਉਮਰ ‘ਚ ਮੀਡੀਆ ਜਗਤ ਦੇ ਇਸ ਆਧੁਨਿਕ ਦੌਰ ‘ਚ ਚੜ੍ਹਦੀਕਲਾ ਟਾਈਮ ਟੀ.ਵੀ. ਰਾਹੀਂ ਕਰ ਗਿਆ, ਉਸਦੀ ਜਿਹੀ ਮਿਸਾਲ ਮਿਲਣੀ ਔਖੀ ਹੈ।
ਗੁਰਦੁਆਰਾ ਪਟਨਾ ਸਾਹਿਬ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਨੇ ਸ. ਸਤਬੀਰ ਸਿੰਘ ਦਰਦੀ ਵੱਲੋਂ ਗੁਰਦੁਆਰਾ ਪਟਨਾ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਰਾਹੀਂ ਕੀਤੀ ਗਈ ਸੇਵਾ ਨੂੰ ਲਾਮਿਸਾਲ ਦੱਸਿਆ ਤੇ ਕਿਹਾ ਕਿ ਸ. ਸਤਬੀਰ ਸਿੰਘ ਦੇ ਮੀਡੀਆ ਜਗਤ ‘ਚ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕੇਗਾ।
ਇਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਸਵਰਗੀ ਸ. ਸਤਬੀਰ ਸਿੰਘ ਦਰਦੀ ਦੀ ਯਾਦ ‘ਚ ਸਿੱਖੀ ਦੀ ਵਿਰਾਸਤ ਨੂੰ ਸੰਸਾਰ ਭਰ ‘ਚ ਪਹੁੰਚਾਉਣ ਲਈ ਇੱਕ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕਰਨ ਦੀ ਅਪੀਲ ਕੀਤੀ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਦਰਦੀ ਪਰਿਵਾਰ ਨੇ ਮੀਡੀਆ ਰਾਹੀਂ ਜਿੱਥੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕੀਤਾ ਹੈ, ਉਥੇ ਹੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਅਥਾਹ ਯਤਨ ਕੀਤੇ ਹਨ।
ਦਰਦੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ, ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ, ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤ ਇੰਦਰ ਸਿੰਘ ਚਾਹਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਬੇਗੋਵਾਲ, ਲੋਕਮਤ ਟੀਵੀ ਤੇ ਮੁਖੀ ਤੇ ਸਾਬਕਾ ਐਮਪੀ ਸ੍ਰੀ ਵਿਜੇ ਦਰਦਾ, ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਸ੍ਰੀਮਤੀ ਰਵਨੀਤ ਕੌਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ. ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਸ੍ਰੀਮਤੀ ਅਨਿੰਦਿੱਤਾ ਮਿੱਤਰਾ, ਡਵੀਜ਼ਨ ਕਮਿਸ਼ਨਰ ਸ੍ਰੀ ਚੰਦਰ ਗੈਂਦ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਤੋਂ ਇਲਾਵਾ ਹੋਰ ਵੱਡੀ ਗਿਣਤੀ ਸ਼ਖ਼ਸੀਅਤਾਂ, ਸੰਸਥਾਵਾਂ ਅਤੇ ਜਥੇਬੰਦੀਆਂ ਨੇ ਸ਼ੋਕ ਸੰਦੇਸ਼ ਭੇਜ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ ਨੇ ਮੰਚ ਸੰਚਾਲਨ ਕੀਤਾ ਅਤੇ ਚੜ੍ਹਦੀਕਲਾ ਟਾਈਮ ਟੀਵੀ ਦੇ ਖ਼ਬਰ ‘ਤੇ ਨਜ਼ਰ ਪ੍ਰੋਗਰਾਮ ਦੇ ਪ੍ਰੋਗਰਾਮ ਡਾਇਰੈਕਟਰ ਡਾ. ਐਚ.ਪੀ.ਐਸ. ਵਾਲੀਆ ਨੇ ਸ. ਸਤਬੀਰ ਸਿੰਘ ਦਰਦੀ ਦੇ ਜੀਵਨ ‘ਤੇ ਚਾਨਣਾ ਪਾਇਆ।
ਇਸ ਦੌਰਾਨ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਮੰਡੀ ਬੋਰਡ ਚੇਅਰਮੈਨ ਲਾਲ ਸਿੰਘ, ਐਮ.ਐਲ.ਏ. ਰਾਜਪੁਰਾ ਹਰਦਿਆਲ ਸਿੰਘ ਕੰਬੋਜ, ਐਮ.ਐਲ.ਏ. ਘਨੌਰ ਮਦਨ ਲਾਲ ਜਲਾਲਪੁਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ ਮਲਹੋਤਰਾ, ਏ.ਡੀ.ਜੀ.ਪੀ. ਏ.ਐਸ. ਰਾਏ, ਰਘਬੀਰ ਸਿੰਘ ਜੌੜਾ, ਬੀਬੀ ਰਣਜੀਤ ਕੌਰ, ਪਰਮਜੀਤ ਸਿੰਘ ਖੁਰਾਣਾ, ਅਮਰਜੀਤ ਸਿੰਘ ਐਮ ਡੀ ਸਾਹਿਲ ਫੈਸਨ ਬਾਜ਼ਾਰ, ਰਾਜਿੰਦਰ ਸਿੰਘ ਚੱਡਾ, ਕੁਲਦੀਪ ਸਿੰਘ ਭੋਗਲ, ਸੰਤ ਅਮ੍ਰਿਤਪਾਲ ਸਿੰਘ ਟਿਕਾਣਾ ਸਾਹਿਬ ਦਿੱਲੀ, ਮੁੱਖ ਮੰਤਰੀ ਦੇ ਪ੍ਰੈਸ ਸਕੱਤਰ ਸ. ਉਪਿੰਦਰ ਸਿੰਘ ਲਾਂਬਾ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸਹਾਇਕ ਸੰਪਾਦਕ ਮੇਘਾ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਵੀ ਇੰਦਰ ਸਿੰਘ ਮੱਕੜ, ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਦੇ ਮੁੱਖੀ ਬਾਬਾ ਬਲਬੀਰ ਸਿੰਘ, ਬਾਬਾ ਜਗਦੀਪ ਸਿੰਘ ਜਗਾਧਰੀ ਵਾਲੇ, ਸੰਤ ਜੋਗਾ ਸਿੰਘ ਨਾਨਕਸਰ, ਬਾਬਾ ਪ੍ਰੀਤਮ ਸਿੰਘ, ਡਾ. ਇੰਦਰਜੀਤ ਕੌਰ ਪਿੰਗਲਵਾੜਾ ਅੰਮ੍ਰਿਤਸਰ, ਬਾਬਾ ਬਲਬੀਰ ਸਿੰਘ ਪਿੰਗਲਾ ਆਸ਼ਰਮ ਸਨੌਰ, ਭਾਈ ਬਲਜਿੰਦਰ ਸਿੰਘ ਪਰਵਾਨਾ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਵਿਧਾਇਕ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਇੰਦਰਮੋਹਨ ਸਿੰਘ ਬਜਾਜ, ਸਾਬਕਾ ਚੇਅਰਮੈਨ ਤੇਜਿੰਦਰ ਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ, ਜਸਪਾਲ ਸਿੰਘ ਪ੍ਰਧਾਨ, ਅਮਰਿੰਦਰ ਸਿੰਘ ਬਜਾਜ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ, ਆਮ ਆਦਮੀ ਪਾਰਟੀ ਵੱਲੋਂ ਕੁੰਦਨ ਗੋਗੀਆ, ਕੌਂਸਲਰ ਹਰਵਿੰਦਰ ਸਿੰਘ ਨਿਪੀ, ਕੇ.ਕੇ. ਸਹਿਗਲ, ਰਵਿੰਦਰਪਾਲ ਸਿੰਘ ਸਵੀਟੀ, ਹਰਿੰਦਰਪਾਲ ਸਿੰਘ ਟੌਹੜਾ, ਨਰਦੇਵ ਸਿੰਘ ਆਕੜੀ, ਹਰਵਿੰਦਰ ਸਿੰਘ ਹਰਪਾਲਪੁਰ, ਸ਼ਿਵ ਸੈਨਾ ਪ੍ਰਧਾਨ ਹਰੀਸ਼ ਸਿੰਗਲਾ, ਜਥੇਦਾਰ ਮੋਹਨ ਸਿੰਘ ਕਰਤਾਰਪੁਰ ਆਦਿ ਵੱਡੀ ਗਿਣਤੀ ‘ਚ ਪਤਵੰਤੇ ਮੌਜੂਦ ਸਨ।
ਸ. ਸਤਬੀਰ ਸਿੰਘ ਦਰਦੀ ਨਮਿਤ ਅੰਤਿਮ ਅਰਦਾਸ ਮੌਕੇ ਪਟਿਆਲਾ ਸਮੇਤ ਪੰਜਾਬ ਤੇ ਹਰਿਆਣਾ ਦੇ ਹੋਰਨਾਂ ਸ਼ਹਿਰਾਂ ਤੋਂ ਪੱਤਰਕਾਰ, ਸਿਆਸੀ, ਸਮਾਜਿਕ, ਧਾਰਮਿਕ ਤੇ ਹੋਰ ਜਥੇਬੰਦੀਆਂ ਦੇ ਵੱਡੀ ਗਿਣਤੀ ਨੁਮਾਇੰਦਿਆਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਦਰਦੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Leave a Reply

Your email address will not be published.