IAS ਸਾਕਸ਼ੀ ਸਾਹਨੀ ਨੇ  ਪਟਿਆਲਾ ਦੇ ਨਵੇਂ ਅਤੇ ਪਹਿਲੇ ਮਹਿਲਾ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

D C Patiala Sakshi Sahni IAS
Report : Parveen Komal

2014 ਬੈਚ ਦੇ ਆਈ.ਏ.ਐਸ. ਅਧਿਕਾਰੀ IAS ਸਾਕਸ਼ੀ ਸਾਹਨੀ ਨੇ  ਪਟਿਆਲਾ ਦੇ ਨਵੇਂ ਅਤੇ ਪਹਿਲੇ ਮਹਿਲਾ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ  ਸੰਦੀਪ ਹੰਸ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ, ਜਿਨ੍ਹਾਂ ਦੀ ਬਦਲੀ ਡੀ.ਸੀ. ਹੁਸ਼ਿਆਰਪੁਰ ਵਜੋਂ ਹੋਈ । ਅਹੁਦਾ ਸੰਭਾਲਣ ਮੌਕੇ IAS ਸਾਕਸ਼ੀ ਸਾਹਨੀ ਨੇ ਕਿਹਾ ਕਿ ਲੋਕਾਂ ਦੇ ਸਰਕਾਰੀ ਦਫ਼ਤਰਾਂ ‘ਚ ਬਕਾਇਆ ਕੰਮਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਕੈਂਪ ਆਧਾਰਿਤ ਮਾਡਲ ਅਪਣਾ ਕੇ ਲੋਕਾਂ ਦੀਆਂ ਬਰੂਹਾਂ ਤੱਕ ਪਹੁੰਚ ਬਣਾਏਗਾ।
IAS ਸਾਕਸ਼ੀ ਸਾਹਨੀ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ, ‘ਪਟਿਆਲਾ ਜ਼ਿਲ੍ਹਾ ਇੱਕ ਮਹੱਤਵਪੂਰਨ ਜ਼ਿਲ੍ਹਾ ਹੈ, ਇੱਥੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕਰਨਾ ਹੈ ਤੇ ਲੋਕਾਂ ਨੂੰ ਸਾਫ਼-ਸੁਥਰਾ, ਪਾਰਦਰਸ਼ੀ, ਭ੍ਰਿਸ਼ਟਾਚਾਰ ਰਹਿਤ ਤੇ ਲੋਕ ਪੱਖੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਵਿਸ਼ੇਸ਼ ਪਹਿਲਕਦਮੀ ਹੋਵੇਗੀ।’

ਡਿਪਟੀ ਕਮਿਸ਼ਨਰ IAS ਸਾਕਸ਼ੀ ਸਾਹਨੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ‘ਗਾਰਡ ਆਫ਼ ਆਨਰ’ ਪੇਸ਼ ਕਰਕੇ ਸਲਾਮੀ ਦਿੱਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ  ਸੁਨੀਲ ਸਾਹਨੀ, ਮਾਤਾ ਸ੍ਰੀਮਤੀ ਅਨੀਤਾ ਸਾਹਨੀ ਸਮੇਤ ਹੋਰ ਰਿਸ਼ਤੇਦਾਰ ਵੀ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਸਮੂਹ ਬ੍ਰਾਂਚਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਅਹੁਦਾ ਛੱਡਕੇ ਜਾ ਰਹੇ  ਸੰਦੀਪ ਹੰਸ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਅਤੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਵਾਲੇ  IAS ਸਾਕਸ਼ੀ ਸਾਹਨੀ ਦਾ ਸਵਾਗਤ ਕੀਤਾ। ਇਸ ਉਪਰੰਤ IAS ਸਾਹਨੀ ਪਟਿਆਲਾ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਪੁਰਾਤਨ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਵੀ ਨਤਮਸਤਕ ਹੋਏ।
ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲੇ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. (ਐਚ) ਹਰਕਮਲ ਕੌਰ, ਐਸ.ਡੀ.ਐਮਜ ਟੀ.ਬੈਨਿਥ, ਅੰਕੁਰਜੀਤ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ ਤੇ ਕੰਨੂ ਗਰਗ, ਸਹਾਇਕ ਕਮਿਸ਼ਨਰ (ਯੂ.ਟੀ.) ਚੰਦਰ ਜੋਤੀ ਸਿੰਘ, ਪੁਡਾ ਦੇ ਅਸਟੇਟ ਅਫ਼ਸਰ ਈਸ਼ਾ ਸਿੰਘਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਨ ਤੇ ਜਸਲੀਨ ਕੌਰ ਭੁੱਲਰ, ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ, ਡੀ.ਡੀ.ਪੀ.ਓ ਰੂਪ ਸਿੰਘ, ਤਹਿਸੀਲਦਾਰ ਰਾਮ ਕਿਸ਼ਨ, ਸੁਪਰਡੈਂਟ ਹਮੀਰ ਸਿੰਘ ਤੇ ਹਰਜੀਤ ਸਿੰਘ ਸਮੇਤ ਡੀ.ਸੀ. ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ੍ਰੀਮਤੀ ਸਾਕਸ਼ੀ ਸਾਹਨੀ ਦਾ ਨਿੱਘਾ ਸਵਾਗਤ ਕੀਤਾ।

IAS ਸਾਹਨੀ ਨੇ  ਕਿਹਾ ਕਿ ਉਨ੍ਹਾਂ ਸਮੇਤ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਰਹਿਣਗੇ ਅਤੇ ਲੋਕਾਂ ਦੀ ਸੇਵਾ ਲਈ ਕੈਂਪ ਅਧਾਰਤ ਮਾਡਲ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੇ ਘਰ ਨੇੜੇ ਸੁਖਾਲੀਆਂ ਹੀ ਪ੍ਰਦਾਨ ਹੋ ਸਕਣ ਅਤੇ ਲੋਕਾਂ ਨੂੰ ਉਡੀਕ ਨਾ ਕਰਨੀ ਪਵੇ। ਉਨ੍ਹਾਂ ਕਿਹਾ ਕਿ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਡੀ.ਸੀ. ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਟੀਮ ਵਜੋਂ ਕੰਮ ਕਰਨਾ ਯਕੀਨੀ ਬਣਾਉਣ।
IAS ਸਾਕਸ਼ੀ ਸਾਹਨੀ ਨੇ ਇਸ ਤੋਂ ਬਾਅਦ ਸਮੂਹ ਐਸ.ਡੀ.ਐਮਜ ਅਤੇ ਕਣਕ ਦੇ ਖਰੀਦ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਕੇ ਕਣਕ ਦੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲਿਆ ਅਤੇ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਹਦਾਇਤ ਕੀਤੀ ਕਿ ਕਿਸਾਨਾਂ ਦੀ ਮੰਡੀਆਂ ਵਿੱਚ ਪੁੱਜੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇ।ਕਾਨੂੰਨ ਵਿਸ਼ੇ ‘ਚ ਗ੍ਰੈਜੂਏਟ, IAS ਸਾਕਸ਼ੀ ਸਾਹਨੀ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਰੱਖਣ ਸਮੇਤ ਕੰਮ ਪ੍ਰਤੀ ਵਚਨਬੱਧਤਾ ਅਤੇ ਤੁਰੰਤ ਫੈਸਲੇ ਲੈਣ ਲਈ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਉਹ ਵਧੀਕ ਸਕੱਤਰ ਕੋਆਰਡੀਨੇਸ਼ਨ ਅਤੇ ਮੁੱਖ ਸਕੱਤਰ, ਪੰਜਾਬ ਦੇ ਸਟਾਫ਼ ਅਫ਼ਸਰ ਵਜੋਂ ਚੰਡੀਗੜ੍ਹ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਜਦਕਿ ਉਹ ਐਸ.ਏ.ਐਸ. ਨਗਰ ਵਿਖੇ ਏ.ਡੀ.ਸੀ (ਜ) ਅਤੇ ਬਠਿੰਡਾ ਵਿਖੇ ਏ.ਡੀ.ਸੀ (ਵਿਕਾਸ) ਵਜੋਂ ਵੀ ਆਪਣੀਆਂ ਸੇਵਾਵਾ ਦੇ ਚੁੱਕੇ ਹਨ।
ਇਸ ਮੌਕੇ IAS ਸਾਕਸ਼ੀ ਸਾਹਨੀ ਨੇ ਪਟਿਆਲਾ ਵਰਗੇ ਅਹਿਮ ਜ਼ਿਲ੍ਹੇ ‘ਚ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ  ਨਤਮਸਤਕ ਹੋ ਕੇ  ਕੀਤਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਇ ਜਾਣਨ ਲਈ ਜਲਦ ਹੀ ਟਵਿਟਰ ਹੈਂਡਲ ਰਾਹੀਂ ਇੱਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹਾ-ਲਿਖਾ ਕੇ ਬੁਲੰਦੀਆਂ ‘ਤੇ ਪਹੁੰਚਣ ਦਾ ਮੌਕਾ ਪ੍ਰਦਾਨ ਕਰਨ ਕਿਉਂਕਿ ਧੀਆਂ ਅਸਮਾਨ ਛੂਹ ਸਕਦੀਆਂ ਹਨ। ਉਨ੍ਹਾਂ ਲੜਕੀਆਂ ਨੂੰ ਵੀ ਕਿਹਾ ਕਿ ਉਹ ਸੁਪਨੇ ਦੇਖਣ, ਜਿਨ੍ਹਾਂ ਨੂੰ ਸਾਕਾਰ ਕਰਨ ਲਈ ਉਹ ਖ਼ੁਦ ਵੀ ਹਮੇਸ਼ਾ ਲੜਕੀਆਂ ਦੀ ਮਦਦਗਾਰ ਬਣਨਗੇ।

Leave a Reply

Your email address will not be published. Required fields are marked *