ਨਸ਼ਿਆਂ ਵਿਰੁੱਧ ਜ਼ਿਹਾਦ ਦਾ ਐਲਾਨ ਹੈ ਪੰਜਾਬੀ ਫ਼ਿਲਮ ‘ਗਿੱਲ ਸਾਹਬ ਸਕੂਟਰ ਵਾਲੇ’
ਸਿਨਮਾ ਸਿਰਫ਼ ਹਾਸੇ ਮਜਾਕ ਜਾਂ ਮਾਰਧਾੜ ਤੱਕ ਹੀ ਸੀਮਤ ਨਹੀਂ ਬਲਕਿ ਸਮਾਜ ਦੇ ਅਹਿਮ ਮੁੱਦਿਆਂ ਨੂੰ ਉਭਾਰਨ ਦਾ ਵੀ ਚੰਗਾ ਪਲੇਟਫਾਰਮ ਹੈ ਪਰ ਅਫਸੋਸ ਬਹੁਤ ਘੱਟ ਫ਼ਿਲਮਾਂ ਬਣਦੀਆਂ ਹਨ ਜੋ ਸਮਾਜਿਕ ਕੁਰੀਤੀਆਂ ਖਿਲਾਫ਼ ਆਵਾਜ਼ ਉਠਾਉਣ ਦਾ ਹੋਕਾ ਦਿੰਦੀਆਂ ਹਨ। ਬਹੁਤੇ ਨਿਰਮਾਤਾ ਅਜਿਹੇ ਵਿਸ਼ਿਆਂ ਤੇ ਫ਼ਿਲਮ ਬਣਾਉਣਾ ਆਪਣਾ ਪੈਸਾ ਤੇ ਸਮਾਂ ਖਰਾਬ ਕਰਨਾ ਹੀ ਸੋਚ ਸਮਝਦੇ ਹਨ ਪ੍ਰੰਤੂ ਕੁਝ ਕੁ ਫ਼ਿਲਮਸ਼ਾਜ ਅਜਿਹੇ ਸਿਨਮਾ ਨੂੰ ਪ੍ਰਫੁੱਲਤ ਕਰਨ ਦਾ ਜਨੂੰਨ ਰੱਖਦੇ ਹਨ। ਜਿਹਨਾਂ ਚੋਂ ਇਕ ਹਨ ਨਿਊਜ਼ੀਲੈਂਡ ਵਾਸੀ ਰਾਜੀਵ ਦਾਸ ਅਤੇ ਦੂਜੀ ਨਿਰਮਾਤਾ ਕੇ ਕੇ ਗਿੱਲ ਅਤੇ ਸਹਿ ਨਿਰਮਾਤਾ ਹਨ ਜੇ ਪੀ ਪਰਦੇਸੀ। ਰਾਜੀਵ ਦਾਸ ਬਤੌਰ ਲੇਖਕ, ਨਿਰਮਾਤਾ, ਨਿਰਦੇਸ਼ਕ ਇਸ ਫ਼ਿਲਮ ਨਾਲ ਜੁੜੇ ਹੋਏ ਹਨ। ਇਸ ਫ਼ਿਲਮ ਵਿਚ ਪੰਜਾਬੀ ਸਿਨਮੇ ਦੇ ਥੰਮ੍ਹ ਸਰਦਾਰ ਸੋਹੀ ਨੇ ‘ਗਿੱਲ ਸਾਹਬ’ ਨੇ ਲੀਡ ਕਿਰਦਾਰ ਨਿਭਾਇਆ ਹੈ। *ਨਿਰਮਾਤਾ ਰਾਜੀਵ ਦਾਸ ਅਤੇ ਕੇ ਕੇ ਗਿੱਲ* ਨੇ ਗੱਲਬਾਤ ਕਰਦੇ ਦੱਸਿਆ ਕਿ ਇਹ ਫ਼ਿਲਮ ਅੱਜ ਦੇ ਨੌਜਵਾਨਾਂ ਦੀ ਕਹਾਣੀ ਹੈ ਜੋ ਸਮਾਜ ਦੇ ਹਰ ਚੰਗੇ ਮਾੜੇ ਪਹਿਲੂਆ ਬਾਰੇ ਦਰਸ਼ਕਾਂ ਨੂੰ ਜਾਗੂਰਕ ਕਰੇਗੀ।
ਇਸ ਮੌਕੇ ਫ਼ਿਲਮ ਦੇ ਨੌਜਵਾਨ ਹੀਰੋ ੳਤੇ ਗਾਇਕ ਅਮਰਿੰਦਰ ਬੌਬੀ ਅਤੇ ਹੀਰੋਈਨ ਅਮਰੀਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੌਜੂਦਾ ਦੌਰ ਵਿਚ ਨੌਜਵਾਨ ਆਪਣੇ ਸੁਨਿਹਰੇ ਭਵਿੱਖ ਦੀ ਤਲਾਸ਼ ਵਿਚ ਵਿਦੇਸ਼ਾ ਵੱਲ ਉਡਾਰੀ ਮਾਰ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਡਿਗਰੀਆਂ-ਡਿਪਲੋਮੇ ਪ੍ਰਾਪਤ ਕਰ ਬੇਰੁਜਗਾਰ ਦੀ ਭੱਠੀ ‘ਚ ਭੁਜ ਰਹੇ ਹਨ। ਮਾਪੇ ਆਪਣੀਆਂ ਨਸ਼ਲਾ ਬਚਾਉਣ ਲਈ ਉਪਜਾਊ ਫ਼ਸਲਾਂ ਦੀਆਂ ਕੁੱਖਾਂ ਵੇਚਣ ਲਈ ਮਜਬੂਰ ਹਨ। ਇਸ ਫ਼ਿਲਮ ਵਿਚ ਜਿੱਥੇ ਸਮਾਜਿਕ ਮੈਸ਼ਜ ਵੀ ਹੋਵੇਗਾ ਉੱਥੇ ਹਲਕੀ-ਫੁਲਕੀ ਪਰਿਵਾਰਕ ਕਾਮੇਡੀ, ਸੋਹਣਾ ਗੀਤ ਸੰਗੀਤ ਤੇ ਦਿਲਾਂ ਨੂੰ ਝੰਜੋੜਣ ਵਾਲਾ ਇਮੋਸ਼ਨਲ ਵੀ ਹੋਵੇਗਾ।
ਇੰਡੋ ਕੀਵੀ ਫ਼ਿਲਮਜ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚ ਅਮਰਿੰਦਰ ਬੌਬੀ ਤੇ ਅਮਰੀਨ ਸ਼ਰਮਾ ਦੀ ਜੋੜੀ ਤੋਂ ਇਲਾਵਾ ਗਿੱਲ ਸਾਹਬ ਦੇ ਮੁੱਖ ਕਿਰਦਾਰ ਵਿਚ ਸਰਦਾਰ ਸੋਹੀ ਅਤੇ ਬਾਕੀ ਪ੍ਰਮੁੱਖ ਕਲਾਕਾਰਾਂ ਹੌਬੀ ਧਾਲੀਵਾਲ, ਗਾਇਕ ਬਲਬੀਰ ਬੋਪਾਰਾਏ, ਅਦਿੱਤੀ ਆਰੀਆ, ਹੈਪੀ ਗੌਸਲ, ਸਾਜਨ ਕਪੂਰ ਤੇ ਕੇ.ਕੇ. ਗਿੱਲ ਨੇ ਅਹਿਮ ਕਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨਪਲੇਅ ਰਾਜੀਵ ਦਾਸ ਤੇ ਕੇ.ਕੇ. ਗਿੱਲ ਨੇ ਲਿਖਿਆ ਹੈ। ਅਮਰਿੰਦਰ ਬੌਬੀ, ਬਲਬੀਰ ਬੋਪਾਰਾਏ, ਮੈਂਡੀ ਸੰਧੂ, ਦੀਪ ਅਟਵਾਲ ਤੇ ਤੁਰੰਨਮ ਮਲਿਕ ਨੇ ਇਸ ਫ਼ਿਲਮ ‘ਚ ਪਲੇਅ ਬੈਕ ਗਾਇਆ ਹੈ। ਜ਼ਿਕਰਯੋਗ ਹੈ ਕਿ 19 ਮਈ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਅੱਜ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਉਪਰਾਲਾ ਹੈ ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਤੇ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਜਿਸ ਵਿਚ ਮਾਵਾਂ ਤੇ ਜਵਾਨ ਪੁੱਤ ਨਿੱਤ ਦਿਨ ਡੁੱਬਦੇ ਜਾ ਰਹੇ ਹਨ। ਇਸ ਕਰਕੇ ਇਹ ਫ਼ਿਲਮ ਨਸ਼ਿਆਂ ਖਿਲਾਫ਼ ਇੱਕ ਨਵੇਂ ਯੁੱਧ ਦਾ ਆਗਾਜ਼ ਕਰੇਗੀ।