ਕਰਮਚਾਰੀਆਂ ਦੇ ਪ੍ਰਧਾਨ ਦੀ ਦਾਹੜੀ ਨੂੰ ਪੁਲਿਸ ਨੇ ਪਾਇਆ ਹੱਥ – ਹੋ ਗਈ ਮੁਰਦਾਬਾਦ


ਦਿ ਪੰਜਾਬ ਰਾਜ ਜਿਲ੍ਹਾ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਤੇਜਿੰਦਰ ਸਿੰਘ ਨੰਗਲ ਜੀ ਦੇ ਪਿੰਡ ਨੰਗਲ ਦਿਆਲ ਸਿੰਘ ਵਿਖੇ ਉਨ੍ਹਾਂ ਦੇ ਘਰ ਬਿਨ੍ਹਾ ਕਿਸੇ ਸ਼ਿਕਾਇਤ ਤੋਂ ਪਹੁੰਚ ਕੇ ਛਾਪਾ ਮਾਰਿਆ ਅਤੇ ਬਹੁਤ ਹੀ ਗਲਤ ਤਰੀਕੇ ਨਾਲ ਉਨ੍ਹਾਂ ਦੀ ਖਿੱਚ-ਧੂਹ ਕਰਕੇ ਗ੍ਰਿਫਤਾਰ ਕੀਤਾ, ਉਸ ਸਮੇਂ ਨਰੇਸ਼ ਕੁਮਾਰ ਐਸ.ਐਚ.ਓ. ਅਤੇ ਉਸ ਨਾਲ ਹਾਜਰ ਪੁਲਿਸ ਪਾਰਟੀ ਨੇ ਪ੍ਰਧਾਨ ਜੀ ਦੇ ਘਰ ਦੀਆਂ ਮਹਿਲਾਵਾਂ ਸਾਹਮਣੇ ਬਹੁਤ ਹੀ ਗੰਦੀਆਂ ਗਾਲ੍ਹਾਂ ਕੱਢੀਆਂ, ਜਾਤੀ ਸੂਚਕ ਸ਼ਬਦ ਕਹੇ ਤੇ ਉਨ੍ਹਾਂ ਦੀ ਦਾੜ੍ਹੀ ਪੁੱਟਣ ਲਈ ਪੁਲਿਸ ਟੀਮ ਨੂੰ ਆਦੇਸ਼ ਦੇ ਕੇ ਦਾੜ੍ਹੀ ਨੂੰ ਹੱਥ ਪਾਇਆ। ਘਰ ਤੋਂ ਗ੍ਰਿਫਤਾਰ ਕਰਦੇ ਸਮੇਂ ਅਤੇ ਪੁਲਿਸ ਦੀ ਗੱਡੀ ਵਿੱਚ ਧੱਕੇ ਮਾਰ ਕੇ ਬਿਠਾਉਣ ਤੋਂ ਬਾਅਦ ਰਸਤੇ ਵਿੱਚ ਲਿਜਾਂਦੇ ਸਮੇਂ ਵੀ ਬਹੁਤ ਹੀ ਗੰਦਾ ਗਾਲੀ-ਗਲੋਚ ਕੀਤਾ, ਪੁਲਿਸ ਨੂੰ ਗੋਲੀ ਮਾਰਨ ਦੇ ਹੁਕਮ ਵੀ ਦਿੱਤੇ ਗਏ। ਇਹ ਸਾਰਾ ਕੁੱਝ ਕਰਕੇ ਪ੍ਰਧਾਨ ਜੀ ਨੂੰ ਥਾਣਾ ਜੰਡਿਆਲਾ ਗੁਰੂ ਵਿਖੇ ਲਿਜਾਇਆ ਗਿਆ। ਪ੍ਰਧਾਨ ਜੀ, ਜੋ ਕਿ ਅੰਮ੍ਰਿਤਧਾਰੀ ਸਿੰਘ ਹਨ, ਉਨ੍ਹਾਂ ਦੇ ਸਾਰੇ ਕੱਕਾਰ ਉਤਾਰੇ ਗਏ, ਇੱਥੋਂ ਤੱਕ ਕੇ ਉਨ੍ਹਾਂ ਦੇ ਸਿਰ ਤੇ ਬੰਨਿਆ ਹੋਇਆ ਪਰਨਾ ਵੀ ਉਤਾਰ ਦਿੱਤਾ ਗਿਆ ਅਤੇ ਇਕ ਅੰਮ੍ਰਿਤਧਾਰੀ ਸਿੱਖ ਨੂੰ ਨੰਗੇ ਸਿਰ ਕਰ ਦਿੱਤਾ ਗਿਆ। ਇਸ ਉਪਰੰਤ ਥਾਣੇ ਦੀ ਹਵਾਲਾਤ ਵਿੱਚ ਸਾਰੀ ਰਾਤ ਬੰਦ ਰੱਖਿਆ ਗਿਆ, ਉਸ ਸਮੇਂ ਉਸੇ ਹਵਾਲਾਤ ਵਿੱਚ ਤਿੰਨ ਹੋਰ ਵਿਅਕਤੀ ਵੀ ਬੰਦੀ ਸਨ।
ਐਸ.ਐਚ.ਓ. ਅਤੇ ਸਿਪਾਹੀ ਮਲੂਕ ਸਿੰਘ ਅਤੇ ਸਮੁੱਚੀ ਪੁਲਿਸ ਪਾਰਟੀ ਦੀ ਉਕਤ ਸਾਰੀ ਗਲਤ ਕਾਰਵਾਈ ਦੇ ਰੋਸ ਵਜੋਂ ਮਿਤੀ 16 ਅਤੇ 17 ਮਾਰਚ ਨੂੰ ਦੋ ਦਿਨ ਸੂਬੇ ਦੇ ਸਮੂਹ ਡੀ.ਸੀ. ਦਫਤਰਾਂ/ਐਸ.ਡੀ.ਐਮ./ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਕਲਮਛੋੜ ਅਤੇ ਕੰਪਿਊਟਰ ਹੜਤਾਲ ਕਰਕੇ ਕੰਮ ਬੰਦ ਰੱਖ ਕੇ ਧਰਨੇ ਪ੍ਰਦਰਸ਼ਨ ਕੀਤੇ ਗਏ ਅਤੇ ਮਿਤੀ 17-03-2026 ਨੂੰ ਦਫਤਰ ਐਸ.ਐਸ.ਪੀ. ਦਿਹਾਤੀ, ਅੰਮ੍ਰਿਤਸਰ ਦੇ ਦਫ਼ਤਰ ਸਾਹਮਣੇ ਸੂਬਾ ਪੱਧਰੀ ਰੈਲੀ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਫਿਰ ਵੀ ਨਰੇਸ਼ ਕੁਮਾਰ, ਐਸ.ਐਚ.ਓ., ਮਲੂਕ ਸਿੰਘ ਸਿਪਾਹੀ ਨੰਬਰ 1191 ਅਤੇ ਰੇਡ ਸਮੇਂ ਹਾਜਰ ਸਮੂਹ ਪੁਲਿਸ ਪਾਰਟੀ ਤੇ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਅਜੇ ਤੱਕ ਡਿਸਮਿਸ ਨਹੀਂ ਕੀਤਾ ਗਿਆ।
ਜਿਸ ਦੇ ਰੋਸ ਵਜੋਂ ਯੂਨੀਅਨ ਦੇ ਸਮੂਹ ਸੂਬਾ ਅਤੇ ਜਿਲ੍ਹਾ ਆਗੂਆਂ ਨੇ ਕਲਮਛੋੜ ਹੜਤਾਲ ਵਿੱਚ ਵਾਧਾ ਕਰਦੇ ਹੋਏ ਫੈਸਲਾ ਲਿਆ ਹੈ ਕਿ ਮਿਤੀ 18, 19, 20 ਮਾਰਚ ਤਿੰਨ ਦਿਨਾਂ ਲਈ ਡੀ ਸੀ ਦਫਤਰਾਂ,ਐਸਡੀਐਮ,ਤਹਿਸੀਲ ਅਤੇ ਸਬ ਤਹਿਸੀਲ ਦਫਤਰਾਂ ਵਿੱਚ ਕਲਮਛੋੜ ਹੜਤਾਲ ਕਰਕੇ ਕੰਮ ਬੰਦ ਰਹੇਗਾ।
ਮਿਤੀ 18 ਨੂੰ ਜਿਲ੍ਹਾ ਪੱਧਰ ਤੇ ਐਸ.ਐਚ.ਓ. ਨਰੇਸ਼ ਕੁਮਾਰ, ਸਿਪਾਹੀ ਮਲੂਕ ਸਿੰਘ ਨੰਬਰ 1191 ਅਤੇ ਰੇਡ ਸਮੇਂ ਹਾਜਰ ਸਮੁੱਚੀ ਪੁਲਿਸ ਪਾਰਟੀ, ਐਸ.ਐਸ.ਪੀ., ਅੰਮ੍ਰਿਤਸਰ ਦਿਹਾਤੀ ਅਤੇ ਮੁੱਖ ਮੰਤਰੀ ਦੇ ਨਾਮ ਲਿਖੇ ਜੁਲਮ ਦੇ ਘੜੇ ਭੰਨੇ ਜਾਣਗੇ।
ਮਿਤੀ 19 ਮਾਰਚ ਨੂੰ ਮੁੱਖ ਮੰਤਰੀ/ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ।
ਮਿਤੀ 20 ਮਾਰਚ ਨੂੰ ਜਿਲ੍ਹਾ ਪੱਧਰ ਤੇ ਸੂਬੇ ਦੇ ਸਮੂਹ ਜਿਲ੍ਹਿਆਂ ਵਿੱਚ ਸ਼ਹਿਰਾਂ ਵਿੱਚ ਕਾਲੇ ਝੰਡੇ ਲੈ ਕੇ ਮੋਟਰ ਵਹੀਕਲ ਮਾਰਚ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਫਿਰ ਵੀ ਉਕਤ ਪੁਲਿਸ ਕਰਮਚਾਰੀਆਂ ਤੇ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਨਾ ਹੋਇਆ, ਡਿਸਮਿਸ ਨਹੀਂ ਕੀਤਾ ਗਿਆ ਤਾਂ ਮਿਤੀ 21 ਮਾਰਚ ਨੂੰ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਐਸਐਸਪੀ. ਅੰਮ੍ਰਿਤਸਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
