ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 28 ਮਾਰਚ ਨੂੰ ਪਿੰਡ ਮਰਨਾਈਆਂ ਤੋਂ ਜਦੋਂ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਸੀ ਤਾਂ ਉਹ ਇਨ੍ਹਾਂ ਦੋਹਾਂ ਭਰਾਵਾਂ ਨੂੰ ਉਸੇ ਰਾਤ ਮਿਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਰਾਜਪੁਰ ਭਾਈਆਂ ਦੇ ਗੁਰਦੀਪ ਸਿੰਘ ਤੇ ਕੁਲਦੀਪ ਸਿੰਘ ਜੋ ਸਕੇ ਭਰਾ ਹਨ ਤੇ ਰਾਤ ਨੂੰ ਮਾਈਨਿੰਗ ਦੇ ਕੰਮ ਵਿੱਚ ਦਿਹਾੜੀ ਦਾ ਕੰਮ ਕਰਦੇ ਹਨ। ਮਰਨਾਈਆਂ ਤੋਂ ਰਾਜਪੁਰ ਭਾਈਆਂ ਪਿੰਡ ਦੀ ਦੂਰੀ ਮਹਿਜ਼ ਚਾਰ ਪੰਜ ਕਿਲੋਮੀਟਰ ਦੀ ਹੈ।

ਜਦੋਂ ਮਰਨਾਈਆਂ ਤੋਂ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਤਾਂ ਰਾਤ ਨੂੰ ਉਹ ਖੇਤਾਂ ਵਿੱਚੋਂ ਹੁੰਦਾ ਹੋਇਆ ਪਿੰਡ ਰਾਜਪੁਰਾ ਭਾਈਆਂ ਪੁੱਜਾ ਤਾਂ ਉਸ ਨੂੰ ਇਕ ਟਰੈਕਟਰ ਦੀ ਆਵਾਜ਼ ਸੁਣਾਈਂ ਦਿਤੀ ਤਾਂ ਉਹ ਆਵਾਜ਼ ਸੁਣ ਕੇ ਜਦ ਉੱਥੇ ਪੁੱਜਾ ਤਾਂ ਉਸ ਨੂੰ ਇਹ ਦੋਵੇਂ ਸਕੇ ਭਰਾ ਰੇਤ ਦੀ ਟਰਾਲੀ ਭਰਦੇ ਮਿਲ ਗਏ। ਅੰਮ੍ਰਿਤਪਾਲ ਸਿੰਘ ਨੇ ਇਨ੍ਹਾਂ ਨੂੰ ਭੁੱਖ ਲੱਗੀ ਹੋਣ ਦੀ ਗੱਲ ਕਹੀ, ਜਿਸ ‘ਤੇ ਇਹ ਦੋਵੇਂ ਭਰਾ ਅਮ੍ਰਿਤਪਾਲ ਸਿੰਘ ਨੂੰ ਆਪਣੇ ਨਾਲ ਘਰ ਲੈ ਗਏ, ਜਿੱਥੇ ਇਨ੍ਹਾਂ ਨੇ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਖਾਣਾ ਖਿਲਾਇਆ ‘ਤੇ ਕੱਪੜੇ ਵੀ ਬਦਲਣ ਨੂੰ ਦਿੱਤੇ।

ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਭਰਾਵਾਂ ਨੇ ਪੁਲਿਸ ਕੋਲ ਇਸ ਗੱਲ ਦਾ ਖੁਲਾਸਾ ਕੀਤਾ ਕੀ ਕੁੱਝ ਸਮੇਂ ਬਾਅਦ ਇੱਕ ਗੱਡੀ ਉਥੇ ਆਈ ‘ਤੇ ਅੰਮ੍ਰਿਤਪਾਲ ਸਿੰਘ ਉਸ ਗੱਡੀ ਬੈਠ ਕੇ ਉਥੋਂ ਵੀ ਨਿਕਲ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਿਸ ਨੇ ਉਸ ਰਾਤ ਸਾਰੇ ਜ਼ਿਲੇ ਦੀ ਨਾਕਾਬੰਦੀ ਕੀਤੀ ਹੋਈ ਸੀ, ਇੱਥੋਂ ਤੱਕ ਕਿ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ, ਉਸ ਰਾਤ ਰਾਜਪੁਰ ਭਾਈਆਂ ਦੇ ਇਲਾਕੇ ਵਿੱਚ ਸਾਰੀ ਰਾਤ ਫੋਰਸ ਲੈ ਕੇ ਘੁੰਮਦੇ ਰਹੇ। ਕੱਲ ਇਨ੍ਹਾਂ ਦੋਵਾਂ ਭਰਾਵਾਂ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਇਨ੍ਹਾਂ ਦਾ ਰਿਮਾਂਡ ਲੈ ਕੇ ਇਨ੍ਹਾਂ ਤੋਂ ਹੋਰ ਪੁਛਗਿੱਛ ਕੀਤੀ ਜਾਏਗੀ।

ਦੂਜੇ ਪਾਸੇ ਪਿੰਡ ਰਾਜਪੁਰ ਭਾਈਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਦਿਹਾੜੀ ਕਰਕੇ ਹੀ ਇਹ ਪਰਿਵਾਰ ਦਾ ਪੇਟ ਪਾਲ ਰਹੇ ਹਨ। ਪੁਲਿਸ ਸੂਤਰਾਂ ਮੁਤਾਬਕ ਇਹਨਾਂ ਦੋ ਭਰਾਵਾਂ 9 ਆਈਪੀਸੀ ਦੀ ਧਾਰਾ 212 ਅਤੇ 120 ਬੀ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।