ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਮਾਨਸਾ ਵਿਖੇ ਸਾਂਝੀ ਰੈਲੀ ਅਤੇ ਵਿਖਾਵਾ

0
IMG-20260622-WA0007

Report: Parveen Komal

ਆਮ ਤੌਰ ‘ਤੇ ਸਾਲ ਦਾ ਸਭ ਤੋਂ ਲੰਬਾ ਤੇ ਗਰਮ ਦਿਨ ਮੰਨੇ ਜਾਂਦੇ ਅੱਜ 22 ਜੂਨ ਨੂੰ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ‘ਤੇ ਬੀਜੇਪੀ ਸਰਕਾਰ ਦੀਆਂ ਦੇਸ਼ ਵਿਰੋਧੀ ਅਤੇ ਪੰਜਾਬ ਵਿਰੋਧੀ ਘਰੇਲੂ ਤੇ ਵਿਦੇਸ਼ ਨੀਤੀਆਂ ਖ਼ਿਲਾਫ਼ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਵਿਰੋਧ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਗੱਲ ਇਹ ਹੈ ਕਿ ਮਜ਼ਦੂਰਾਂ ਕਿਸਾਨਾਂ, ਨੌਜਵਾਨ ਅਤੇ ਛੋਟੇ ਦੁਕਾਨਦਾਰਾਂ ਦੀਆਂ ਮੰਗਾਂ ਉਠਾਉਣ ਦੇ ਨਾਲ ਨਾਲ ਕਮਿਉਨਿਸਟਾ ਧਿਰਾਂ ਨੇ ਪੰਜਾਬ ਦੀਆਂ ਦਹਾਕਿਆਂ ਤੋਂ ਲਟਕ ਰਹੀਆਂ ਸਮਸਿਆਵਾਂ ਅਤੇ ਬਿਨਾਂ ਕੇਸ ਚਲਾਏ ਜਾਂ ਸਜ਼ਾਵਾਂ ਪੂਰੀਆਂ ਹੋ ਜਾਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਮੂਹ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਵੀ ਇਸ ਵਿਖਾਵੇ ਦੌਰਾਨ ਜ਼ੋਰ ਨਾਲ ਉਠਾਈ।

ਪੁਰਾਣੀ ਦਾਣਾ ਮੰਡੀ ਵਿਖੇ ਹੋਈ ਰੈਲੀ ਦੀ ਪ੍ਰਧਾਨਗੀ ਕਾਮਰੇਡ ਜਸਬੀਰ ਕੌਰ ਨੱਤ, ਅਮਰੀਕ ਸਿੰਘ ਫਫੜੇ ਅਤੇ ਰੂਪ ਸਿੰਘ ਢਿੱਲੋਂ ਨੇ ਕੀਤੀ ਅਤੇ ਸੰਚਾਲਨ ਸੁਰਿੰਦਰ ਪਾਲ ਸ਼ਰਮਾ ਨੇ। ਰੈਲੀ ਨੂੰ ਮੁੱਖ ਬੁਲਾਰਿਆਂ ਵਜੋਂ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੀਪੀਆਈ ਦੇ ਜ਼ਿਲ੍ਹਾ ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਆਰ ਐਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੇ ਸੰਬੋਧਨ ਕੀਤਾ। ਇੰਨਾਂ ਤੋਂ ਇਲਾਵਾ ਰੈਲੀ ਨੂੰ ਕੁਲਵਿੰਦਰ ਸਿੰਘ ਉੱਡਤ, ਗੁਰਨਾਮ ਸਿੰਘ ਭੀਖੀ, ਭਾਰਤ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਦਲਵਿੰਦਰ ਸਿੰਘ, ਪੀਐੱਸਯੂ ਆਗੂ ਅਰਵਿੰਦਰ ਕੌਰ ਅਤੇ ਕਾਮਰੇਡ ਆਤਮਾ ਰਾਮ ਸਰਦੂਲਗੜ੍ਹ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਾਜ਼ਰ ਪ੍ਰਮੁੱਖ ਆਗੂਆਂ ਵਿੱਚ ਸੁਖਦਰਸ਼ਨ ਸਿੰਘ ਨੱਤ, ਰਤਨ ਭੋਲਾ, ਬੰਸੀ ਲਾਲ, ਆਇਸਾ ਆਗੂ ਸੁਖਜੀਤ ਰਾਮਾਨੰਦੀ, ਗੁਰਸੇਵਕ ਮਾਨ, ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਬਲਵਿੰਦਰ ਘਰਾਂਗਣਾ, ਧਰਮਪਾਲ ਨੀਟਾ, ਹਰਭਗਵਾਨ ਭੀਖੀ, ਭੋਲਾ ਸਿੰਘ ਸਮਾਓਂ ਤੇ ਭਾਰਤ ਮੁਕਤੀ ਮੋਰਚਾ ਦੇ ਜਸਵੰਤ ਸਿੰਘ ਵੀ ਮੌਜੂਦ ਸਨ।
ਇੰਨਾਂ ਪਾਰਟੀਆਂ ਦੇ ਸੈਂਕੜੇ ਵਰਕਰਾਂ ਨੇ ਰੈਲੀ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਵਿੱਚ ਮੋਦੀ ਸਰਕਾਰ ਖ਼ਿਲਾਫ਼ ਲਾਲ ਝੰਡਿਆਂ ਨਾਲ ਸਜਿਆ ਜੋਸ਼ੀਲਾ ਮੁਜ਼ਾਹਰਾ ਕੀਤਾ, ਜੋ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਤੱਕ ਪਹੁੰਚ ਕੇ ਸਮਾਪਤ ਹੋਇਆ।
ਬਿਆਨ ਵਿੱਚ ਦਸਿਆ ਗਿਆ ਹੈ ਕਿ ਇਸ ਰੋਸ ਵਿਖਾਵੇ ਰਾਹੀਂ ਕਾਮਰੇਡਾਂ ਨੇ ਖੇਤੀ ਤੇ ਪ੍ਰਚੂਨ ਖੇਤਰ ਨੂੰ ਤਬਾਹ ਕਰਨ ਵਾਲੇ ਵਪਾਰ ਸਮਝੌਤੇ ਨੂੰ ਰੱਦ ਕਰਨ, ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਨੱਥ ਪਾਉਣ, ਪੇਪਰ ਲੀਕ ਰਾਹੀਂ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਲਈ ਮੁੱਖ ਜ਼ਿੰਮੇਵਾਰ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਬਰਖਾਸਤ ਕਰਨ, ਸਾਰੀਆਂ ਖੇਤੀ ਜਿਣਸਾਂ ਦੀ ਐਮ ਐਸ ਪੀ ਉਤੇ ਖਰੀਦ ਦੀ ਗਾਰੰਟੀ ਕਰਨ, ਚਾਰ ਕਿਰਤ ਕੋਡਾਂ ਦੀ ਬਜਾਏ ਰੱਦ ਕੀਤੇ ਕਿਰਤ ਕਾਨੂੰਨ ਬਹਾਲ ਕਰਨ, ਕੇਂਦਰ ਸਰਕਾਰ ਵੱਲੋਂ ਸੂਬਿਆਂ ਦੀ ਖੁਦਮੁਖਤਾਰੀ ਦੇ ਕੀਤੇ ਜਾ ਰਹੇ ਘਾਣ ਨੂੰ ਬੰਦ ਕਰਨ, ਦਰਿਆਈ ਪਾਣੀਆਂ ਦੀ ਵੰਡ ਰੀਪੇਅਰੀਅਨ ਅਸੂਲ ਦੀ ਅਧਾਰ ‘ਤੇ ਕੀਤੇ ਜਾਣ,
ਪੰਜਾਬੀ ਬੋਲੀ ਨੂੰ ਦੇਸ਼ ਵਿੱਚ ਬਣਦਾ ਸਥਾਨ ਦਿੱਤੇ ਜਾਣ, ਡੈਮਾਂ ਤੇ ਹੈੱਡਵਰਕਸਾਂ ਦਾ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਬਿਨਾਂ ਮੁਕੱਦਮਾ ਚਲਾਏ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਅਤੇ ਘੱਟੋ ਘੱਟ ਉਜਰਤ 26 ਹਜਾਰ ਰੁਪਏ ਮਹੀਨਾ ਅਤੇ ਕੰਮ ਦਿਹਾੜੀ 8 ਘੰਟੇ ਦੀ ਲਾਗੂ ਕੀਤੇ ਜਾਣ ਮੁੱਦੇ ਉਠਾਏ।
ਫਰੰਟ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਵਿਦੇਸ਼ ਤੇ ਵਪਾਰ ਨੀਤੀ ਦੇ ਸੁਆਲ ‘ਤੇ ਟਰੰਪ ਤੇ ਨੇਤਨਯਾਹੂ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕਣ ਅਤੇ ਗਾਜ਼ਾ ਪੱਟੀ ਤੇ ਇਰਾਨ ਵਿੱਚ ਕੀਤੇ ਹਜ਼ਾਰਾਂ ਬੇਕਸੂਰ ਬੱਚਿਆਂ ਤੇ ਬਜ਼ੁਰਗਾਂ ਦੇ ਘਾਣ ਬਾਰੇ ਨਿੰਦਾ ਦਾ ਇਕ ਸ਼ਬਦ ਤੱਕ ਨਾ ਬੋਲਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਦਾ ਵਕਾਰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਐਸ ਆਈ ਆਰ ਰਾਹੀਂ ਵਿਰੋਧੀਆਂ ਦੀ ਲੱਖਾਂ ਵੋਟਾਂ ਕੱਟਣ ਅਤੇ ਈਵੀਐਮ ਅੰਦਰਲੀਆਂ ਹੇਰਾਫੇਰੀਆਂ ਰਾਹੀਂ ਚੋਣਾਂ ਜਿੱਤਣ ਵਾਲੀ ਇਹ ਫਿਰਕੂ ਤਾਨਾਸ਼ਾਹ ਤੇ ਮੁਕੰਮਲ ਕੇਂਦਰੀਕਰਨ ਦੀ ਪੈਰੋਕਾਰ ਇਹ ਪਾਰਟੀ ਹੁਣ ਪੰਜਾਬ ਨੂੰ ਅਪਣੇ ਚੁੰਗਲ ਵਿੱਚ ਫਸਾਉਣ ਲਈ ਗੋਂਦਾਂ ਗੁੰਦ ਰਹੀ ਹੈ, ਜਿਸ ਦਾ ਸਮੁੱਚੇ ਪੰਜਾਬੀਆਂ ਨੂੰ ਡੱਟ ਕੇ ਟਾਕਰਾ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *