ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਵੱਲੋਂ ਹਰਿਆਣਾ ਦੇ ਪੰਜਾਬ ਨਾਲ ਲੱਗਦੇ ਜ਼ਿਲ੍ਹਿਆਂ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਬੈਠਕ
-ਵਿਧਾਨ ਸਭਾ ਚੋਣਾਂ ਸੁਤੰਤਰ ਤੇ ਅਮਨ-ਅਮਾਨ ਨਾਲ ਕਰਵਾਉਣ ਲਈ ਹਰਿਆਣਾ ਦੇ ਪਟਿਆਲਾ ਨਾਲ ਲੱਗਦੇ ਜ਼ਿਲ੍ਹਾ ਅਧਿਕਾਰੀਆਂ ਦਾ ਸਹਿਯੋਗ ਜਰੂਰੀ-ਚੰਦਰ ਗੈਂਦ
-ਸ਼ਰਾਬ ਤੇ ਹੋਰ ਨਸ਼ਿਆਂ ਦੀ ਤਸਕਰੀ ਸਮੇਤ ਗ਼ੈਰਸਮਾਜੀ ਤੱਤਾਂ ਦੀ ਪੰਜਾਬ ‘ਚ ਆਮਦ ਰੋਕਣ ਲਈ ਸਹਿਯੋਗ ਦੇਣ ਗਵਾਂਢੀ ਰਾਜ ਦੇ ਪੁਲਿਸ ਅਧਿਕਾਰੀ-ਆਈ.ਜੀ. ਛੀਨਾ
-ਅੰਤਰਰਾਜੀ ਮੀਟਿੰਗ ‘ਚ ਪਟਿਆਲਾ, ਸੰਗਰੂਰ ਸਮੇਤ ਕੁਰੂਕਸ਼ੇਤਰਾ, ਫਤਿਹਾਬਾਦ, ਅੰਬਾਲਾ, ਕੈਥਲ ਤੇ ਜੀਂਦ ਜ਼ਿਲ੍ਹਿਆਂ ਦੇ ਡੀ.ਸੀਜ ਤੇ ਪੁਲਿਸ ਅਧਿਕਾਰੀ ਪੁੱਜੇ
ਪਟਿਆਲਾ:ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਹਰਿਆਣਾ ਦੇ ਪੰਜਾਬ ਦੀਆਂ ਹੱਦਾਂ ਨਾਲ ਲੱਗਦੇ ਜ਼ਿਲ੍ਹਿਆਂ, ਕੁਰੂਕਸ਼ੇਤਰਾ, ਜੀਂਦ, ਫਤਿਹਾਬਾਦ, ਕੈਥਲ ਤੇ ਅੰਬਾਲਾ ਦੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਅੰਤਰਰਾਜੀ ਤਾਲਮੇਲ ਬੈਠਕ ਕੀਤੀ।
ਇਸ ਮੌਕੇ ਆਈ.ਜੀ. ਪਟਿਆਲਾ ਰੇਂਜ ਸ. ਮੁਖਵਿੰਦਰ ਸਿੰਘ ਛੀਨਾ, ਪਟਿਆਲਾ ਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਤੇ ਸ੍ਰੀ ਰਾਮਬੀਰ ਸਮੇਤ ਐਸ.ਐਸ.ਪੀਜ ਸ. ਹਰਚਰਨ ਸਿੰਘ ਭੁੱਲਰ ਤੇ ਸ੍ਰੀ ਸਵਪਨ ਸ਼ਰਮਾ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਦੇ ਉਦਮ ਸਦਕਾ ਰੱਖੀ ਗਈ ਇਸ ਮੀਟਿੰਗ ਦੌਰਾਨ ਦੋਵਾਂ ਰਾਜਾਂ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬ ‘ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ, ਨਿਰਵਿਘਨ ਅਤੇ ਅਮਨ-ਅਮਾਨ ਤੇ ਨਾਲ ਸਫ਼ਲਤਾ ਪੂਰਵਕ ਕਰਵਾਉਣ ਲਈ ਸਾਂਝੀ ਰਣਨੀਤੀ ‘ਤੇ ਚਰਚਾ ਕੀਤੀ ਗਈ। ਇਸ ਤੋਂ ਬਿਨ੍ਹਾਂ ਭਾਰਤੀ ਚੋਣ ਕਮਿਸ਼ਨ ਦੀਆਂ ਮੁਤਾਬਕ ਆਦਰਸ਼ ਚੋਣ ਜਾਬਤਾ ਸਖ਼ਤੀ ਨਾਲ ਲਾਗੂ ਕਰਨ ਸਮੇਤ ਹੋਰ ਅਹਿਮ ਮਸਲਿਆਂ ‘ਤੇ ਗੰਭੀਰ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
ਸ੍ਰੀ ਚੰਦਰ ਗੈਂਦ ਨੇ ਮੀਟਿੰਗ ਪ੍ਰਧਾਨਗੀ ਕਰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਆਜ਼ਾਦਾਨਾ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਹਰਿਆਣਾ ਦੇ ਪੰਜਾਬ ਨਾਲ ਲੱਗਦੇ ਜ਼ਿਲ੍ਹਿਆਂ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਅੰਤਰਰਾਜੀ ਨਾਕਿਆਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਅਤੇ ਦੋਵਾਂ ਰਾਜਾਂ ਦੇ ਅਧਿਕਾਰੀਆਂ ਦਾ ਇੱਕ ਵਟਸਐਪ ਗਰੁੱਪ ਵੀ ਬਣਾਇਆ ਜਾਵੇ।
ਅੰਤਰਰਾਜੀ ਤਾਲਮੇਲ ਮੀਟਿੰਗ ‘ਚ ਕੁਰੂਕਸ਼ੇਤਰਾ ਦੇ ਡੀ.ਸੀ. ਮੁਕੁਲ ਕੁਮਾਰ, ਕੈਥਲ ਦੇ ਡੀ.ਸੀ. ਪਰਦੀਪ ਦਹੀਆ, ਅੰਬਾਲਾ ਦੇ ਡੀ.ਸੀ. ਵਿਕਰਮ, ਫ਼ਤਿਹਾਬਾਦ ਦੇ ਏ.ਡੀ.ਸੀ. ਅਜੇ ਚੋਪੜਾ, ਜੀਂਦ ਤੋਂ ਨਰਵਾਣਾ ਦੇ ਐਸ.ਡੀ.ਐਮ. ਸੁਰਿੰਦਰ ਸਿੰਘ, ਅੰਬਾਲਾ ਦੇ ਏ.ਐਸ.ਪੀ. ਪੂਜਾ ਦਬਲਾ, ਕੈਥਲ ਦੇ ਡੀ.ਐਸ.ਪੀ. ਕਿਸ਼ਨ ਲਾਲ, ਫਤਹਿਬਾਦ ਦੇ ਡੀ.ਐਸ.ਪੀ. ਗੀਤਿਕ ਜਾਖੜ, ਜੀਂਦ ਦੇ ਏ.ਐਸ.ਪੀ. ਕੁਦਲੀਪ ਸਿੰਘ ਤੇ ਕੁਰੂਕਸ਼ੇਤਰਾ ਦੇ ਡੀ.ਐਸ.ਪੀ. ਗੁਰਮੇਲ ਸਿੰਘ ਨੇ ਹਿੱਸਾ ਲਿਆ। ਹਰਿਆਣਾ ਦੇ ਇਨ੍ਹਾਂ ਅਧਿਕਾਰੀਆਂ ਨੇ ਵਿਸ਼ਵਾਸ਼ ਦੁਆਇਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਮੀਟਿੰਗ ਮਗਰੋਂ ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਗਵਾਂਢੀ ਸੂਬੇ ਦੇ ਪਟਿਆਲਾ ਨਾਲ ਲੱਗਦੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਲੋੜੀਂਦੀ ਸੂਚਨਾ ਦਾ ਆਦਾਨ ਪ੍ਰਦਾਨ ਕਰਨ, ਵਿਧਾਨ ਸਭਾ ਚੋਣਾਂ-2022 ਦੌਰਾਨ ਜਿਥੇ ਚੋਣ ਅਮਲ ‘ਤੇ ਪ੍ਰਭਾਵ ਪਾ ਸਕਣ ਵਾਲੇ ਮਾੜੇ ਅਨਸਰਾਂ ‘ਤੇ ਨਜ਼ਰ ਰੱਖਣ ਤੇ ਬਿਹਤਰ ਤਾਲਮੇਲ ਕਰਕੇ ਇਹ ਚੋਣਾਂ ਅਮਨ-ਸ਼ਾਂਤੀ ਨਾਲ ਕਰਵਾਉਣ ਦਾ ਅਹਿਦ ਕੀਤਾ ਉਥੇ ਹੀ ਹਰ ਪ੍ਰਕਾਰ ਦੇ ਨਸ਼ਿਆਂ ਦੀ ਤਸਕਰੀ ਸਮੇਤ ਸ਼ਰਾਬ, ਖਾਸ ਕਰਕੇ ਮੈਡੀਕਲ ਨਸ਼ਿਆਂ, ਜਾਇਜ਼, ਨਜਾਇਜ਼ ਹਥਿਆਰਾਂ ਤੇ ਗ਼ੈਰਕਾਨੂੰਨੀ ਨਗ਼ਦੀ ਦੇ ਪ੍ਰਵਾਹ ਨੂੰ ਰੋਕਣ ਲਈ ਵੀ ਸਾਂਝੀ ਰਣਨੀਤੀ ਬਣਾਈ ਹੈ।
ਆਈ.ਜੀ. ਸ. ਮੁਖਵਿੰਦਰ ਸਿੰਘ ਛੀਨਾ ਨੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਨਾਲ ਲੱਗਦੇ ਆਪਣੇ ਥਾਣਿਆਂ ਤੇ ਚੌਂਕੀ ਇੰਚਾਰਜਾਂ ਨੂੰ ਸਖ਼ਤ ਹਦਾਇਤ ਕਰਨ ਕਿ ਉਹ ਵਿਧਾਨ ਸਭਾ ਸੁਤੰਤਰ ਢੰਗ ਨਾਲ ਕਰਵਾਉਣ ਲਈ ਪੰਜਾਬ ਪੁਲਿਸ ਨਾਲ ਸਹਿਯੋਗ ਕਰਨ। ਸ. ਛੀਨਾ ਨੇ ਕਿਹਾ ਕਿ ਆਲ ਇੰਡੀਆ ਪਰਮਿਟ ਵਾਲੇ ਹਥਿਆਰ ਵੀ ਜਮ੍ਹਾਂ ਕਰਵਾਏ ਜਾਣ ਅਤੇ ਇਨ੍ਹਾਂ ਜ਼ਿਲ੍ਹਿਆਂ ‘ਚ ਵਸਦੇ ਅਜਿਹੇ ਗ਼ੈਰ ਸਮਾਜੀ ਤੱਤਾਂ ‘ਤੇ ਖ਼ਾਸ ਨਜ਼ਰ ਰੱਖੀ ਜਾਵੇ, ਜਿਹੜੇ ਕਿ ਪੰਜਾਬ ਦੀਆਂ ਚੋਣਾਂ ‘ਚ ਗੜਬੜੀ ਕਰ ਸਕਦੇ ਹਨ।
ਜਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਸਮੇਤ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਤੇ ਨਿਰਵਿਘਨਤਾ ਸਹਿਤ ਕਰਵਾਉਣ ਲਈ ਗਵਾਂਢੀ ਰਾਜ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਰਣਨੀਤੀ ਉਲੀਕੀ ਗਈ ਹੈ।
ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਦੋਵਾਂ ਰਾਜਾਂ ਨੂੰ ਜੋੜਦੇ ਸਾਰੇ ਕੱਚੇ ਤੇ ਪੱਕੇ 64 ਮਾਰਗਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖਣ ਲਈ ਪੱਕੇ ਨਾਕਿਆਂ ਸਮੇਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ ਅਤੇ ਨਾਲ ਹੀ ਪੈਟਰੋਲਿੰਗ ਤੇ ਅਚਨਚੇਤ ਨਾਕੇ ਵੀ ਲਗਾਏ ਜਾਣਗੇ।
ਮੀਟਿੰਗ ਮੌਕੇ ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਖੁਸ਼ਦਿਲ ਸਿੰਘ, ਸਹਾਇਕ ਕਮਿਸ਼ਨਰ ਆਬਕਾਰੀ ਇੰਦਰਜੀਤ ਸਿੰਘ ਨਾਗਪਾਲ, ਚੋਣ ਤਹਿਸੀਲਦਾਰ ਰਾਮਜੀ ਲਾਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।