ਸ਼ਹੀਦ ਸਰਦਾਰ ਭਗਤ ਸਿੰਘ ਦੇ ਪੂਰਨਿਆਂ ਤੇ ਚੱਲਣ ਦਾ ਸੰਦੇਸ਼ ਦਿੱਤਾ ਮੰਤਰੀ ਚੇਤੰਨ ਜੌੜੇਮਾਜਰਾ

ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਕਲਾਬੀ ਨੌਜਵਾਨ ਸਭਾ ਦੇ ਸਹਿਯੋਗ ਨਾਲ ਇੱਥੇ ਘਲੋੜੀ ਗੇਟ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਵਿਸ਼ੇਸ਼ ਸਮਾਗਮ ਕਰਵਾਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬੁੱਤ ਅਤੇ ਤਸਵੀਰ ਸਾਹਮਣੇ ਗਾਰਡ ਆਫ਼ ਆਨਰ ਭੇਟ ਕਰਕੇ ਸਲਾਮੀ ਦਿੱਤੀ ਗਈ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੀਡੀਓ ਸੁਨੇਹਾ ਚਲਾਕੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਪੁੱਜੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਰੋਲ ਮਾਡਲ ਹਨ।

ਜੌੜਾਮਾਜਰਾ ਨੇ ਕਿਹਾ, ”ਜਿਹੜੇ ਸ਼ਹੀਦਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਨ੍ਹਾਂ ਆਜ਼ਾਦੀ ਪਰਵਾਨਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ ਉਪਰ ਚੱਲਦੇ ਹੋਏ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਅਤੇ ਰੰਗਲਾ ਪੰਜਾਬ ਬਣਾਉਣ ਦਾ ਤਹੱਈਆ ਕੀਤਾ ਹੈ।”

ਇਸ ਮੌਕੇ ਮੌਜੂਦ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਅਜਾਂਈ ਨਹੀਂ ਜਾਣਗੀਆਂ ਅਤੇ ਭਗਵੰਤ ਮਾਨ ਸਰਕਾਰ ਸ਼ਹੀਦਾਂ ਦੇ ਸੁਪਨੇ ਜਰੂਰ ਸਾਕਾਰ ਕਰੇਗੀ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਸੋਸ਼ਲਿਸਟ ਸਮਾਜ ਦਾ ਸਿਧਾਂਤ ਦਿੱਤਾ, ਜਿਸ ਨਾਲ ਗਰੀਬ ਤੋਂ ਗਰੀਬ ਆਜ਼ਾਦੀ ਮਾਣ ਸਕੇ ਅਤੇ ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਸ਼ਹੀਦਾਂ ਦੇ ਸੁਪਨੇ ਸਾਕਾਰ ਹੁੰਦੇ ਜਾਪ ਰਹੇ ਹਨ।
ਸਮਾਗਮ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਦੀਪਕ ਪਾਰੀਕ ਅਤੇ ਇਨਕਲਾਬੀ ਨੌਜਵਾਨ ਸਭਾ ਤੋਂ ਜਰਨੈਲ ਸਿੰਘ ਮੰਨੂ, ਏ.ਡੀ.ਸੀਜ਼ ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਘਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਮੇਜਰ ਆਰ.ਪੀ.ਐਸ. ਮਲਹੋਤਰਾ, ਕ੍ਰਿਸ਼ਨ ਚੰਦ ਬੁੱਧੂ, ਜਸਵੀਰ ਗਾਂਧੀ, ਸੁਰਜੀਤ ਸਕਰੌਦੀ, ਅਮਰੀਕ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ, ਪੁਨੀਤ ਕੋਰੀਅਨ, ਆਰਿਫ਼ ਖ਼ਾਨ ਤੇ ਇਲਾਕਾ ਨਿਵਾਸੀ ਮੌਜੂਦ ਸਨ। ਇਸ ਦੌਰਾਨ ਦੇਸ਼ ਦੇ ਸ਼ਹੀਦਾਂ ਉਪਰ ਅਧਾਰਤ ਇੱਕ ਨਾਟਕ ਵੀ ਪੇਸ਼ ਕੀਤਾ ਗਿਆ।
ਇਸ ਤੋਂ ਪਹਿਲਾਂ ਅੱਜ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਤੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਈਕਲ ਰੈਲੀ ਕੱਢੀ ਗਈ। ਇਸ ਵਿੱਚ ਰੌਆਇਲ ਪਟਿਆਲਾ ਟੂਅਰ ਦੀ ਪਟਿਆਲਾ, ਗਰੀਨ ਬਾਈਕਰਸ, ਫਰੈਂਡਜ਼ ਆਨ ਵੀਲ੍ਹਜ, ਹਿਮਾਲਿਅਨ ਸਾਇਕਲਜ਼ ਅਤੇ ਪਟਿਆਲਾ ਰੋਡੀ ਦੇ ਸਾਇਕਲ ਸਵਾਰ ਸ਼ਾਮਲ ਸਨ। ਇਸ ਰੈਲੀ ਨੂੰ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਪੰਜਾਬ ਦੀ ਬਹੁਚਰਚਿਤ ਕਰੋੜਾਂ ਦੀ ਡਕੈਤੀ ਦੇ ਮੁਜਰਮ ਨਕਲੀ ਖੁਸਰੇ ਸਿਮਰਨ ਪਰਲਿੰਗੀ ਨੇ ਪੁਲਿਸ ਤੋਂ ਬਚਣ ਲਈ ਮੰਤਰੀ ਚੇਤੰਨ ਜੌੜੇ ਮਾਜਰਾ ਨਾਲ ਵਧਾਈ ਨਜਦੀਕੀ

ਪਟਿਆਲਾ ਦੇ ਦਰਵੇਸ਼ ਕਿੰਨਰ ਗੁਰੂ ਪੂਨਮ ਮਹੰਤ ਨਾਲ ਜੁਲਮ ਕਰਦੇ ਹੋਏ ਉਹਨਾਂ ਦੇ ਡੇਰਾ ਜੱਟਾਂ ਵਾਲਾ ਚੌਂਤਰਾ ਤੇ ਡਾਕਾ ਮਾਰਕੇ ਕਰੋੜਾਂ ਰੁਪੈ ਦੀ ਨਕਦੀ ਅਤੇ ਗਹਿਣੇ ਲੁੱਟਣ ਅਤੇ ਉਹਨਾਂ ਦੇ ਚੇਲੇ ਚਿੰਕੀ ਉਰਫ ਸਵੀਟੀ ਦਾ ਕਤਲ ਕਰਵਾਉਣ ਦੇ ਆਰੋਪੀ ਨਕਲੀ ਖੁਸਰੇ ਸਿਮਰਨ ਉਰਫ ਗਗਨਦੀਪ ਉਰਫ ਗੜ੍ਹੈਂ ਨੇ ਪੁਲਿਸ ਤੋਂ ਬਚਣ ਲਈ ਆਮ ਆਦਮੀ ਪਾਰਟੀ ਦੇ ਮੰਤਰੀ ਚੇਤੰਨ ਸਿੰਘ ਜੌੜੇ ਮਾਜਰਾ ਨਾਲ ਖੁਸ਼ ਮਾਹੌਲ ਵਿਚ ਨਜਦੀਕੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਜੌੜੇ ਮਾਜਰਾ ਵੀ ਇਹਨਾਂ ਮੀਟਿੰਗਾਂ ਵਿਚ ਇਸ ਨਕਲੀ ਖੁਸਰੇ ਨਾਲ ਅਕਸਰ ਅਨੰਦਿਤ ਅਵਸਥਾ ਵਿਚ ਮੰਦ ਮੰਦ ਮੁਸਕੁਰਾਉਂਦੇ ਨਜ਼ਰ ਆਉਂਦੇ ਹਨ। ਕੁਝ ਪਾਪੀ ਲੋਕ ਕਹਿੰਦੇ ਹਨ ਕਿ ਇਹ ਨਕਲੀ ਖੁਸਰਾ ਜੌੜੇ ਮਾਜਰਾ ਜੀ ਨੂੰ ਅਸ਼ੀਰਵਾਦ ਦਿੰਦੇ ਹੋਏ ਵੀ ਨਜ਼ਰ ਆਇਆ ਹੈ।

ਕੁਝ ਨਕਲੀ ਕਿੰਨਰ ਇਹ ਅੰਦਾਜ਼ੇ ਵੀ ਲਗਾ ਰਹੇ ਹਨ ਕਿ ਇਹ ਨਕਲੀ ਖੁਸਰਾ ਸ਼ਾਇਦ ਸਿਹਤ ਮੰਤਰੀ ਤੋਂ ਆਪਣੀ ਕਿਸੇ ਸਿਹਤ ਸਮੱਸਿਆ ਬਾਰੇ ਟਿਪਸ ਲੈਣ ਲਈ ਜੌੜੇ ਮਾਜਰਾ ਦੇ ਨਜਦੀਕ ਢੁੱਕਦਾ ਹੋਵੇ।

ਇਨਕਲਾਬ ਜਿੰਦਾਬਾਦ ਦਾ ਨਾਹਰਾ ਲਗਾਉਣ ਵਾਲੇ ਕੁਝ ਦੇਸ਼ਭਗਤਾਂ ਦਾ ਕਹਿਣਾ ਹੈ ਕਿ ਕਾਰਣ ਚਾਹੇ ਕੁਝ ਵੀ ਹੋਵੇ, ਪਰ ਸਿਹਤ ਮੰਤਰੀ ਅਤੇ ਡਕੈਤੀ ਅਤੇ ਕਤਲ ਦੇ ਆਰੋਪੀ ਨਕਲੀ ਖੁਸਰੇ ਦੀਆਂ ਨਜਦੀਕੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਰੰਗਲੇ ਪੰਜਾਬ ਦੀ ਜਨਤਾ ਦੀ ਸਿਹਤ ਨੂੰ ਕਿੰਨਾ ਪ੍ਰਭਾਵਿਤ ਕਰਨਗੀਆਂ ਇਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਇਸ ਨਕਲੀ ਖੁਸਰੇ ਦੀਆਂ ਨਜਦੀਕੀਆਂ ਅਤੇ ਅਸਲੀ ਕਿੰਨਰ ਪੀੜਤ ਪੂਨਮ ਮਹੰਤ ਦੀਆਂ ਬਦਦੁਆਵਾਂ ਨੇ ਪਹਿਲਾਂ ਹੀ ਕਈ ਸਿਆਸੀ ਦਿੱਗਜ਼ਾਂ ਦਾ ਭੱਠਾ ਬਿਠਾ ਦਿੱਤਾ ਹੈ ਜਿਹਨਾਂ ਵਿਚ ਨਵਜੋਤ ਸਿੱਧੂ ਜੇਹਲ ਵਿੱਚ ਮੌਣ ਵਰਤ ਧਾਰੀ ਬੈਠੇ ਹਨ ਅਤੇ ਮਦਨ ਲਾਲ ਜਲਾਲਪੁਰ ਪੰਜਾਬ ਤੋਂ ਪਰਵਾਸ ਕਰ ਗਏ ਹਨ। ਬ੍ਰਹਮ ਮਹਿੰਦਰਾ , ਮੋਹਿਤ ਮਹਿੰਦਰਾ ਅਤੇ ਲਾਲ ਸਿੰਘ ਨੂੰ ਸਿਆਸੀ ਲਾਲੇ ਪੈ ਗਏ ਹਨ ਅਤੇ ਚੰਨੀ ਬੁਰੀ ਤਰਾਂ ਹਾਰਕੇ ਪਰਦੇਸੀ ਹੋ ਗਏ ਹਨ। ਸਿਆਣਿਆਂ ਦਾ ਸੱਚ ਕਹਿਣਾ ਹੈ ਕਿ ਕਦੇ ਵੀ ਕਿਸੇ ਦਰਵੇਸ਼ ਅਸਲੀ ਕਿੰਨਰ ਦੀ ਬਦਦੁਆ ਨਹੀਂ ਲੈਣੀ ਚਾਹੀਦੀ।

Leave a Reply

Your email address will not be published. Required fields are marked *